ਅਲਬਰਟਾ ਵਿੱਚ ਸੁਰੱਖਿਆ ਨਿਯਮਾਂ ਦੀ ਸਖ਼ਤੀ: 20 ਅਸੁਰੱਖਿਅਤ ਟਰੱਕਿੰਗ ਕੰਪਨੀਆਂ ਦੇ ਲਾਇਸੈਂਸ ਰੱਦ ਐਡਮੰਟਨ

ਅਲਬਰਟਾ ਸਰਕਾਰ ਨੇ ਸੜਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ, ਧੋਖਾਧੜੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ 20 ਕਮਰਸ਼ੀਅਲ ਟਰੱਕਿੰਗ ਕੰਪਨੀਆਂ ਨੂੰ ਬੰਦ ਕਰ ਦਿੱਤਾ ਹੈ।

ਟਰਾਂਸਪੋਰਟੇਸ਼ਨ ਅਤੇ ਇਕਨਾਮਿਕ ਕੋਰੀਡੋਰ ਮੰਤਰੀ ਡੇਵਿਨ ਡ੍ਰੀਸ਼ਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਸੂਬਾਈ ਅਧਿਕਾਰੀਆਂ ਨੇ ਹੁਣ ਤੱਕ 443 ਪ੍ਰਬੰਧਕੀ ਜੁਰਮਾਨੇ ਲਗਾਏ ਹਨ ਅਤੇ 20 ਅਸੁਰੱਖਿਅਤ ਕੰਪਨੀਆਂ ਦੇ ਸੰਚਾਲਨ ਲਾਇਸੈਂਸ ਰੱਦ ਕਰ ਦਿੱਤੇ ਹਨ।

ਬੰਦ ਕੀਤੀਆਂ ਗਈਆਂ ਕੰਪਨੀਆਂ ਵਿੱਚੋਂ 13 ਅਜਿਹੀਆਂ ਸਨ ਜਿਨ੍ਹਾਂ ਨੂੰ ਗਿਰਗਿਟ ਵਾਂਗ ਰੰਗ ਬਦਲਣ ਵਾਲੀਆਂ’ ਕੰਪਨੀਆਂ ਵਜੋਂ ਪਛਾਣਿਆ ਗਿਆ। ਇਹ ਕੰਪਨੀਆਂ ਆਪਣਾ ਖਰਾਬ ਰਿਕਾਰਡ ਜਾਂ ਜੁਰਮਾਨੇ ਲੁਕਾਉਣ ਲਈ ਆਪਣਾ ਨਾਮ, ਕਾਰੋਬਾਰੀ ਰਜਿਸਟ੍ਰੇਸ਼ਨ ਜਾਂ ਸੂਬਾ ਬਦਲ ਕੇ ਦੁਬਾਰਾ ਕੰਮ ਸ਼ੁਰੂ ਕਰ ਲੈਂਦੀਆਂ ਸਨ।

ਸਰਕਾਰ ਨੇ ਇਹ ਸਖ਼ਤੀ ਮੈਨੀਟੋਬਾ ਦੇ ਬ੍ਰੈਂਡਨ ਸ਼ਹਿਰ ਵਿੱਚ ਹੋਈ ਇੱਕ ਜਾਨਲੇਵਾ ਟਰੱਕ ਹਾਦਸੇ ਤੋਂ ਬਾਅਦ ਵਧਾਈ ਹੈ। ਜਾਂਚ ਤੋਂ ਪਤਾ ਲੱਗਾ ਸੀ ਕਿ ਹਾਦਸੇ ਵਿੱਚ ਸ਼ਾਮਲ Conquer Transportation Inc. ਨਾਮਕ ਕੰਪਨੀ ਦਾ ਮੈਨੀਟੋਬਾ ਵਿੱਚ ਲਾਇਸੈਂਸ ਰੱਦ ਹੋ ਚੁੱਕਾ ਸੀ, ਪਰ ਉਸਨੇ ਅਲਬਰਟਾ ਵਿੱਚ ਨਵੇਂ ਨਾਮ ਹੇਠ ਰਜਿਸਟ੍ਰੇਸ਼ਨ ਕਰਵਾ ਲਈ ਸੀ। ਇਸ ਉਲੰਘਣਾ ਲਈ ਅਲਬਰਟਾ ਸਰਕਾਰ ਨੇ ਕੰਪਨੀ ਨੂੰ 16,500 ਡਾਲਰ ਦਾ ਜੁਰਮਾਨਾ ਲਗਾਇਆ ਅਤੇ ਇਸ ਦੀ ਸੁਰੱਖਿਆ ਰੇਟਿੰਗ ਘਟਾ ਕੇ ਇਸ ਦਾ ਕੰਮਕਾਜ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ।

ਮੰਤਰੀ ਡ੍ਰੀਸ਼ਨ ਨੇ ਦੱਸਿਆ ਕਿ ਅਲਬਰਟਾ ਸਰਕਾਰ ਅੰਤਰ-ਸੂਬਾਈ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਰਾਸ਼ਟਰੀ ਟਰੱਕਿੰਗ ਡਾਟਾਬੇਸ ਬਣਾਉਣ ਵਾਸਤੇ ਕੇਂਦਰ ਅਤੇ ਹੋਰ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ, ਦਸਤਾਵੇਜ਼ਾਂ ਦੀ ਸਖ਼ਤ ਜਾਂਚ ਦੌਰਾਨ 40 ਹੋਰ ਸ਼ੱਕੀ ਕੰਪਨੀਆਂ ਨੂੰ ਸੁਰੱਖਿਆ ਸਰਟੀਫਿਕੇਟ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ 5 ਧੋਖੇਬਾਜ਼ ‘ਕਲਾਸ 1’ ਡਰਾਈਵਿੰਗ ਸਕੂਲ ਵੀ ਬੰਦ ਕੀਤੇ ਹਨ ਅਤੇ 6 ਅੰਤਰਰਾਸ਼ਟਰੀ ਟਰਾਂਸਪੋਰਟ ਆਪਰੇਟਰਾਂ ਨੂੰ ਹਟਾਇਆ ਹੈ।

ਇਸ ਦੇ ਨਾਲ ਹੀ Driver Inc. ਸਕੀਮ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਕੰਪਨੀਆਂ ਟੈਕਸਾਂ ਅਤੇ ਸੁਰੱਖਿਆ ਨਿਯਮਾਂ ਤੋਂ ਬਚਣ ਲਈ ਡਰਾਈਵਰਾਂ ਨੂੰ ਪੱਕੇ ਕਰਮਚਾਰੀਆਂ ਦੀ ਬਜਾਏ ਗਲਤ ਤਰੀਕੇ ਨਾਲ ‘ਸਵੈ-ਰੁਜ਼ਗਾਰ’ (Self-employed) ਦਿਖਾਉਂਦੀਆਂ ਹਨ। ਹਾਲ ਹੀ ਵਿੱਚ ਕੀਤੀ ਗਈ ਚੈਕਿੰਗ ਦੌਰਾਨ ਲਗਭਗ 20 ਫੀਸਦੀ ਡਰਾਈਵਰ ਇਸ ਸਕੀਮ ਹੇਠ ਕੰਮ ਕਰਦੇ ਪਾਏ ਗਏ।

Previous articleUnder Pressure: Tire Maintenance for Trucking Safety