ਇੱਕ ਮੁਫ਼ਤ ਪ੍ਰੋਗਰਾਮ ਜੋ ਲੋਅਰ ਮੇਨਲੈਂਡ ਵਿੱਚ ਔਰਤਾਂ ਨੂੰ ਟਰੱਕ ਡਰਾਈਵਰ ਬਣਨ ਲਈ ਸਿਖਲਾਈ ਦਿੰਦਾ ਹੈ, ਨੂੰ ਪ੍ਰਾਂਤ ਵੱਲੋਂ ਮਿਲਣ ਵਾਲੀ ਮਾਲੀ ਸਹਾਇਤਾ ‘ਚ ਕਾਫ਼ੀ ਵਾਧਾ ਹੋ ਰਿਹਾ ਹੈ।
ਫਰਵਰੀ ਵਿੱਚ ਜਾਰੀ ਇੱਕ ਖ਼ਬਰ ਅਨੁਸਾਰ, YWCA ਦੇ ਚੇਂਜਿੰਗ ਗੀਅਰਜ਼ ਪ੍ਰੋਗਰਾਮ ਨੂੰ ਬੀ. ਸੀ. ਦੇ ਕਮਿਊਨਿਟੀ ਐਂਡ ਇਮਪਲਾਇਰ ਪਾਰਟਨਰਸ਼ਿਪਸ ਪ੍ਰੋਗਰਾਮ ਤੋਂ $੧.੬ ਮਿਲੀਅਨ ਪ੍ਰਾਪਤ ਹੋਏ ਹਨ, ਜੋ ੫੦ ਹੋਰ ਔਰਤਾਂ ਨੂੰ ਇੱਕ ਟਰੱਕ ਡਰਾਈਵਰ ਦੇ ਕਿੱਤੇ ਨੂੰ ਕੈਰੀਅਰ ਵਜੋਂ ਅਪਨਾਉਣ ਲਈ ਸਿਖਲਾਈ ਲੈਣ ਦੀ ਆਗਿਆ ਦੇਵੇਗਾ।
ਸਮਾਜਿਕ ਵਿਕਾਸ ਅਤੇ ਗਰੀਬੀ ਘਟਾਉਣ ਦੀ ਮੰਤਰੀ ਸ਼ੀਲਾ ਮੈਲਕਮਸਨ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, “ਵਧੇਰੇ ਔਰਤਾਂ ਨੂੰ ਮੰਗ ਵਾਲ਼ੀਆਂ ਚੰਗੀਆਂ ਨੌਕਰੀਆਂ ਲਈ ਸਿਖਲਾਈ ਦੇਣ ਦਾ ਮੌਕਾ ਮਿਲੇਗਾ। ਇਹ ਸਿਖਲਾਈ ਪ੍ਰੋਗਰਾਮ ਉਹਨਾਂ ਔਰਤਾਂ ਵਾਸਤੇ ਰੁਕਾਵਟਾਂ ਨੂੰ ਦੂਰ ਕਰਦਾ ਹੈ ਜੋ ਟਰੱਕ ਚਲਾਉਣਾ ਚਾਹੁੰਦੀਆਂ ਹਨ ਅਤੇ ਇਸ ਦੇ ਨਾਲ ਹੀ ਕੰਮ ਦੇਣ ਵਾਲ਼ਿਆਂ ਨੂੰ ਯੋਗਤਾ ਪ੍ਰਾਪਤ ਕਾਮੇ ਮਿਲਦੇ ਹਨ।”
YWCA ਦੀ ਵੈੱਬਸਾਈਟ ਅਨੁਸਾਰ, ੨੪-ਹਫਤੇ ਦਾ ਪ੍ਰੋਗਰਾਮ ਉਹਨਾਂ ਔਰਤਾਂ ਵਾਸਤੇ ਖੁੱਲ੍ਹਾ ਹੈ ਜੋ ਬੇਰੁਜ਼ਗਾਰ ਹਨ, ਜਿਨ੍ਹਾਂ ਕੋਲ ਕਲਾਸ ੫ ਦਾ ਲਾਇਸੰਸ ਹੈ ਅਤੇ ਉਨ੍ਹਾਂ ਦਾ ਡਰਾਈਵਿੰਗ ਐਬਸਟ੍ਰੈਕਟ ਬਿਲਕੁਲ ਸਹੀ ਹੈ। ਵੈਨਕੂਵਰ ਵਿੱਚ ਸ਼ੁਰੂਆਤੀ ਸਿਖਲਾਈ ਦੇ ਬਾਅਦ ਇੱਕ ਲਾਇਸੰਸਸ਼ੁਦਾ ਡਰਾਈਵਿੰਗ ਸਕੂਲ ਵਿਖੇ ਪੜ੍ਹਾਈ ਕਰਵਾਈ ਜਾਂਦੀ ਹੈ, ਜਿਸ ਦੀਆਂ ਸਾਰੇ ਖੇਤਰ ਵਿੱਚ ਬ੍ਰਾਂਚਾਂ ਹਨ। ਕੰਮ ਦੇ ਦੌਰਾਨ ਵੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ।
ਟਰੱਕਿੰਗ ਐਚ ਆਰ ਕੈਨੇਡਾ ਦੇ ਨਵੰਬਰ ੨੦੨੨ ਦੇ ਲੇਬਰ ਮਾਰਕੀਟ ਸਨੈਪਸ਼ਾਟ ਦੇ ਅਨੁਸਾਰ, ਕੈਨੇਡਾ ਵਿੱਚ ਸਿਰਫ ੩.੫ ਪ੍ਰਤੀਸ਼ਤ ਟਰੱਕ ਡਰਾਈਵਰ ਔਰਤਾਂ ਹਨ ਅਤੇ ਯੋਗਤਾ ਪ੍ਰਾਪਤ ਡਰਾਈਵਰਾਂ ਦੀ ਮੰਗ ਪਹਿਲਾਂ ਹੀ ਮੋਜੂਦਾ ਡ੍ਰਾਈਵਰਾਂ ਦੀ ਉਮਰ ਵਧਣ ਕਰਕੇ ਬਹੁਤ ਜ਼ਿਆਦਾ ਵਧ ਗਈ ਹੈ।
ਬੀ. ਸੀ. ਵਿੱਚ, ਅਗਲੇ ੧੦ ਸਾਲਾਂ ‘ਚ ਇਸ ਖੇਤਰ ਵਿੱਚ ੧੨,੩੦੦ ਅਸਾਮੀਆਂ ਦਾ ਅਨੁਮਾਨ ਲਾਇਆ ਗਿਆ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੌਕਰੀਆਂ ਸੇਵਾ-ਮੁਕਤ ਹੋ ਰਹੇ ਡਰਾਈਵਰਾਂ ਦੀ ਥਾਂ ਲੈਣ ਦੀ ਲੋੜ ਪੂਰੀ ਕਰਨ ਲਈ ਜ਼ਰੂਰੀ ਹੋਣਗੀਆਂ।
ਕੈਲੀ ਪੈਡਨ, ਲੰਿਗ ਬਰਾਬਰਤਾ ਲਈ ਸੰਸਦੀ ਸਕੱਤਰ ਨੇ ਸ਼ੁੱਕਰਵਾਰ ਦੇ ਬਿਆਨ ਵਿੱਚ ਕਿਹਾ, “ਅਸੀਂ ਜਾਣਦੇ ਹਾਂ ਕਿ ਸਾਨੂੰ ਭਵਿੱਖ ਦੀਆਂ ਨੌਕਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਪ੍ਰਤਿਭਾ ਅਤੇ ਸਮਰੱਥਾ ਦੀ ਲੋੜ ਹੈ, ਇਹੀ ਕਾਰਨ ਹੈ ਕਿ ਬਿਹਤਰ ਸਿਖਲਾਈ ਪਹਿਲਕਦਮੀਆਂ ਦੇ ਨਾਲ ਅਸੀਂ ਹੁਨਰਾਂ ਦੇ ਪਾੜੇ ਨੂੰ ਭਰਨ ਲਈ ਕੰਮ ਕਰ ਰਹੇ ਹਾਂ, ਜਿਸ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਉੱਚ-ਮੰਗ ਵਾਲੀਆਂ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਤੋਂ ਬਾਹਰ ਰੱਖਿਆ ਹੋਇਆ ਹੈ”।
ਹੋਰ ਜਾਣਕਾਰੀ ਲਈ, https://ywcavan.org/changing-gears ‘ਤੇ ਜਾਓ।