by: Pash Brar
ਅੱਜਕੱਲ੍ਹ ਅਜਿਹੀਆਂ ਟਰੱਕਿੰਗ ਕੰਪਨੀਆਂ ਦੀਆਂ ਲੰਬੀ ਸੂਚੀ ਹੈ, ਜੋ ਦਿਵਾਲੀਆ ਹੋਣ ਜਾ ਰਹੀਆਂ ਹਨ। ਟਰੱਕ ਡਰਾਈਵਰ ਆਪਣਾ ਸਾਜ਼ੋ-ਸਾਮਾਨ ਵੇਚ ਰਹੇ ਹਨ, ਅਤੇ ਸੰਘਰਸ਼ ਕਰ ਰਹੀ ਇਸ ਇੰਡਸਟਰੀ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੈਨੂੰ ਡਰਾਈਵਰਾਂ ਨਾਲ ਰੁੱਖੇ ਵਿਵਹਾਰ ਅਤੇ ਅਪਮਾਨਜਨਕ ਹਿੰਸਾ ‘ਚ ਵਾਧਾ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਹ ਅਸਲ ‘ਚ ਸ਼ਰਮ ਦੀ ਗੱਲ ਹੈ ਅਤੇ ਮੇਰਾ ਮੰਨਣਾ ਹੈ, ਕਿ ਨਿਰਾਸ਼ਾ ਅਤੇ ਤਣਾਅ ਕਾਰਨ ਲੋਕਾਂ ਦੇ ਦੁਰਵਿਵਹਾਰ ਕਰਨ ਤੇ ਸਹਿਣ ’ਚ ਵਾਧਾ ਕਰਨ ਦਾ ਕੰਮ ਕਰ ਰਿਹਾ ਹੈ। ਮੇਰੇ ਖਿਆਲ ‘ਚ ਟਰੱਕਿੰਗ ‘ਚ ਦੁਰਵਿਵਹਾਰ ਹਮੇਸ਼ਾ ਹੀ ਰਿਹਾ ਹੈ, ਪਰ ਮਾੜੇ ਸਮੇਂ ‘ਚ ਇਹ ਹੋਰ ਵੀ ਬਦਤਰ ਹੁੰਦਾ ਜਾਪਦਾ ਹੈ।
ਮੈਂ ਇੱਕ ਟ੍ਰੇਲਰ ਦੇ ਵੇਚਣ ਵਾਲੇ ਨਾਲ ਗੱਲ ਕਰ ਰਹੀ ਸੀ, ਕਿਉਂਕਿ ਮੇਰਾ ਕਲਾਇੰਟ ਉਸਦਾ ਟ੍ਰੇਲਰ ਖਰੀਦ ਰਿਹਾ ਸੀ। ਵੇਚਣ ਵਾਲੇ ਨੇ ਮੈਨੂੰ ਦੱਸਿਆ ਕਿ ਉਹ ਕਿਸ ਕੰਪਨੀ ਲਈ ਕੰਮ ਕਰਦਾ ਸੀ। ਮੈਂ ਉਸ ਕੰਪਨੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸਨੇ ਮੈਨੂੰ ਦੱਸਿਆ, ਕਿ ਇਸ ਕੰਪਨੀ ਨੇ ਉਸਨੂੰ ਲਗਾਤਾਰ ਸੱਤ ਹਫ਼ਤਿਆਂ ਤੱਕ, ਸੜਕ ‘ਤੇ ਰੱਖਿਆ। ਮੈਂ ਹੈਰਾਨ ਰਹਿ ਗਈ। ਉਸਨੇ ਕਿਹਾ ਕਿ ਉਸਨੇ ਮਾਲਕ ਦੇ ਲੜਕੇ ਨੂੰ ਦੱਸਿਆ ਸੀ, ਕਿ ਇਸ ਲੋਡ ਤੋਂ ਬਾਅਦ ਉਸਨੂੰ ਅਰਾਮ ਕਰਨ ਦੀ ਸਖਤ ਜ਼ਰੂਰਤ ਹੈ, ਅਤੇ ਉਸਨੂੰ ਫ਼ੋਨ ਨਾ ਕੀਤਾ ਜਾਵੇ। ਪਰ ਇਸ ਦੀ ਬਜਾਏ, ਖੁਦ ਮਾਲਕ ਨੇ ਹੀ ਉਸ ਨੂੰ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਸਨੂੰ ਕੰਮ ‘ਤੇ ਵਾਪਸ ਆਉਣ ਲਈ ਮਜਬੂਰ ਕਰਨ ਲੱਗਾ। ਉਸਨੇ ਮਾਲਕ ਨੂੰ ਕਿਹਾ, ਕਿ ਲਗਾਤਾਰ ਸੱਤ ਹਫ਼ਤੇ ਕੰਮ ਕਰਨ ਤੋਂ ਬਾਅਦ ਉਸਨੂੰ ਰੈਸਟ ਕਰਨ ਦੀ ਸਖਤ ਜ਼ਰੂਰਤ ਹੈ ਅਤੇ ਉਹ ਪਹਿਲਾਂ ਹੀ ਉਸਦੇ ਲੜਕੇ ਨੂੰ ਇ ਬਾਰੇ ਦੱਸ ਚੁੱਕਾ ਹੈ। ਮਾਲਕ ਨੇ ਇਸ ਗੱਲ ਦੀ ਜਾਂਚ ਕੀਤੀ ਅਤੇ ਫਿਰ ਛੁੱਟੀ ਤਾਂ ਦੇ ਦਿੱਤੀ, ਪਰ ਬਹੁਤ ਸਾਰੀਆਂ ਅਪਮਾਨਜਨਕ ਗੱਲਾਂ ਕਹਿਣ ਤੋਂ ਬਾਅਦ, ਅਤੇ ਇਸ ਦੁਰਵਿਵਹਾਰ ਲਈ ਉਸ ਨੇ ਕਦੇ ਮਾਫ਼ੀ ਵੀ ਨਹੀਂ ਮੰਗੀ। ਡਰਾਈਵਰ ਨੇ ਕਿਹਾ ਕਿ ਇਹ ਪਹਿਲੀ ਗਲਤੀ ਸੀ। ਪਰ ਕੁੱਝ ਹਫ਼ਤਿਆਂ ਬਾਅਦ ਲੜਕੇ ਨੇ ਉਸਨੂੰ ਇੱਕ ‘ਓਵਰਸਾਈਜ਼’ ਲੋਡ ਦਿੱਤਾ ਪਰ ਇਸ ਲਈ ਲੋੜੀਦਾਂ ਲਾਜ਼ਮੀ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਪਰਮਿਟ ਦੀ ਲੋੜ ਹੈ, ਪਰ ਲੜਕੇ ਨੇ ਉਸਨੂੰ ਰਾਤ ਨੂੰ ਸਕੇਲਾਂ ਤੋਂ ਬਚ ਕੇ ਨਿੱਕਲਣ ਲਈ, ਆਲੇ-ਦੁਆਲੇ ਦੀ ਘੁੰਮ ਕੇ ਲੰਬੇ ਰਸਤੇ ਰਾਹੀਂ ਜਾਣ ਲਈ ਕਿਹਾ। ਜਦੋਂ ਉਸਨੂੰ ਡਿਲੀਵਰੀ ‘ਚ ਦੇਰੀ ਹੋਈ, ਜੋ ਕਿ ਸੁਭਾਵਿਕ ਸੀ, ਕਿਉਂਕਿ ਲੜਕੇ ਨੇ ਸਹੀ ਪਰਮਿਟ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਤਾਂ ਮਾਲਕ ਨੇ ਡਰਾਈਵਰ ਨੂੰ ਫ਼ੋਨ ਕੀਤਾ ਅਤੇ ਉਸਨੂੰ ਗਾਲ੍ਹਾਂ ਕੱਢੀਆਂ। ਇਹ ਦੂਜੀ ਗਲਤੀ ਸੀ। ਜਦੋਂ ਇਹ ਡਰਾਈਵਰ ਲੋਡ ਤੋਂ ਵਾਪਸ ਆਇਆ, ਤਾਂ ਉਹ ਸਿੱਧਾ ਫਲੀਟ ਇੰਸ਼ੋਰੈਂਸ ਦਫ਼ਤਰ ਗਿਆ, ਲਾਇਸੈਂਸ ਪਲੇਟਾਂ ਜਮ੍ਹਾਂ ਕਰਵਾਈਆਂ ਅਤੇ ਕੰਪਨੀ ਛੱਡ ਦਿੱਤੀ। ਇਸ ਤੋਂ ਬਾਅਦ, ਮਾਲਕ ਨੇ ਹੋਰ ਵੀ ਗੰਦ ਬਕਿਆ ਤੇ ਗੁੱਸੇ ‘ਚ ਬਹੁਤ ਗਲਤ ਗੱਲਾਂ ਕਹਿ ਕੇ ਜਲੀਲ ਕੀਤਾ। ਇਹ ਟਰੱਕਰ ਇੱਕ ਬਹੁਤ ਹੀ ਅਪਮਾਨਜਨਕ ਫਰਮ ਦੇ ਮਾਲਕਾਂ ਦੇ ਦੁਰਵਿਵਹਾਰ ਤੋਂ ਬਚ ਨਿਕਲਿਆ। ਉਸਨੇ ਕਿਹਾ ਕਿ ਉਹ ਦੂਜੀ ਫਰਮ ‘ਚ ਘੱਟ ਪੈਸੇ ਕਮਾਉਂਦਾ ਹੈ, ਪਰ ਪੈਸਾ ਇਸ ਤਰ੍ਹਾਂ ਦੇ ਦੁਰਵਿਵਹਾਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਦੀਆਂ ਮੰਗਾਂ ਦੇ ਨਾਲ-ਨਾਲ ਆਪਣੀ ਜਾਨ ਨੂੰ ਖਤਰੇ ‘ਚ ਪਾਉਣ ਦੀ ਬਰਾਬਰੀ ਨਹੀਂ ਕਰ ਸਕਦਾ।
ਇਸ ਫਰਮ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਇਸੇ ਟਰੱਕਰ ਦਾ ਇੱਕ ਹੋਰ ਦੋਸਤ ਹੈ, ਜਿਸ ਨਾਲ ਇਸ ਤੋਂ ਵੀ ਮਾੜੀ ਘਟਨਾ ਵਾਪਰੀ। ਉਸੇ ਫਰਮ ਦੇ ਮਾਲਕ ਦੀਆਂ ਗਾਲ੍ਹਾਂ ਕੱਢਣ ਤੋਂ ਵਧ ਕੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਉਸਦਾ ਦੋਸਤ ਦਫ਼ਤਰ ਗਿਆ, ਉੱਥੇ ਬਹਿਸ ਹੋਈ ਅਤੇ ਮਾਲਕ ਨਾਲ ਹੱਥੋਪਾਈ ਹੋ ਗਈ। ਇਸ ਟਰੱਕਰ ਨੇ ਮਾਲਕ ਨੂੰ ਜ਼ਮੀਨ ‘ਤੇ ਪਟਕਾ ਦਿੱਤਾ ਅਤੇ ਉਸਦੀ ਨੱਕ ਤੋੜ ਦਿੱਤੀ। ਹਿੰਸਾ ਕੋਈ ਰਸਤਾ ਨਹੀਂ ਹੈ। ਮਾਲਕ ਦਾ ਵਿਵਹਾਰ ਬਹੁਤ ਹੀ ਇਤਰਾਜਯੋਗ ਅਤੇ ਅਣਮਨੁੱਖੀ ਸੀ, ਅਤੇ ਹੋਰ ਵੀ ਜੋ ਬੁਰੀ ਗੱਲ ਹ ੈਕਿ ਉਸ ਦਾ ਵਿਵਹਾਰ ਅਜੇ ਵੀ ਉਸੇ ਤਰਾਂ ਹੀ ਜਾਰੀ ਹੈ।
ਮੈਂ ਇੱਕ ਟਰੱਕ ਫਾਈਨਾਂਸ ਕੀਤਾ ਸੀ, ਅਤੇ ਬਾਅਦ ‘ਚ ਉਸ ਡਰਾਈਵਰ ਦਾ ਸਨੋਅ ਦੌਰਾਨ ਹਾਦਸਾ ਹੋ ਗਿਆ। ਲੀਜ਼ਿੰਗ ਕੰਪਨੀ ਨੇ ਮੈਨੂੰ ਇਸੇ ਟਰੱਕਿੰਗ ਫਰਮ ਦੇ ਮਾਲਕ ਦੁਆਰਾ ਬੀਮਾ ਕੰਪਨੀ ਨੂੰ ਭੇਜੀਆਂ ਗਈਆਂ ਈਮੇਲਾਂ ਦਿਖਾਈਆਂ, ਜਿਸ ‘ਚ ਮੰਗ ਕੀਤੀ ਗਈ ਸੀ, ਕਿ ਅਸਲ ਮਾਲਕ ਦੀ ਬਜਾਏ ਉਸਨੂੰ ਭੁਗਤਾਨ ਕੀਤਾ ਜਾਵੇ। ਉਸ ਦੀਆਂ ਈਮੇਲਾਂ ਬਹੁਤ ਹੀ ਰੁੱਖੀਆਂ ਅਤੇ ਧਮਕਾਉਣ ਵਾਲੀਆਂ ਸਨ, ਅਤੇ ਡਰਾਈਵਰ ਦੀ ਪਤਨੀ ਨੇ ਮੈਨੂੰ ਰੋਂਦੀ ਹੋਈ ਨੇ ਫ਼ੋਨ ਕੀਤਾ ਸੀ, ਕਿਉਂਕਿ ਉਸਨੂੰ ਅਤੇ ਉਸਦੇ ਪਤੀ ਨੂੰ ਧਮਕੀ ਭਰੇ ਫ਼ੋਨ ਆ ਰਹੇ ਸਨ ਅਤੇ ਵਧ ਰਹੇ ਬੀਮੇ ਦੇ ਖਰਚਿਆਂ ਲਈ ਉਸਦੇ ਪਤੀ ਨੂੰ ਜ਼ੁੰਮੇਵਾਰ ਠਹਿਰਾਇਆ ਜਾ ਰਿਹਾ ਸੀ। ਹਾਲ ਹੀ ‘ਚ Maxi Trailers ਦੇ ੧੦ ਡਰਾਈਵਰ, ਇਸ ਫਰਮ ਨੂੰ ਛੱਡ ਕੇ ਚਲੇ ਗਏ। ਉਹ ਸਾਰੇ ਇਕੱਠੇ ਹੀ ਕੰਮ ਛੱਡ ਗਏ। ਮੈਨੂੰ ਇਹ ਅਵਿਸ਼ਵਾਸ਼ਯੋਗ ਲੱਗਦਾ ਹੈ, ਕਿ ਇਹ ਫਰਮ ਅਜੇ ਵੀ ਕਾਰੋਬਾਰ ‘ਚ ਬਣੀ ਹੋਈ ਹੈ।
ਦੁਰਵਿਵਹਾਰ ਦਾ ਇੱਕ ਹੋਰ ਰੂਪ ਡਰਾਈਵਰ ਸਟੇਟਮੈਂਟਾਂ ‘ਚ ਪਾਰਦਰਸ਼ਤਾ ਦੀ ਕਮੀ ਹੈ। ਜਦੋਂ ਡਰਾਈਵਰ ਨੂੰ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ, ਤਾਂ ਮੈਂ ਬਹੁਤ ਸਾਰੀਆਂ ਗਲਤੀਆਂ ਦੇਖੀਆਂ ਹਨ। ਡਰਾਈਵਰ ਨੂੰ ਦਿੱਤਾ ਗਿਆ ਰੇਟ ਉਹ ਅਸਲ ਰੇਟ ਨਹੀਂ ਹੁੰਦਾ ਜੋ ਫਰਮ ਕਹਿੰਦੀ ਹੈ। ਫਰਮ ਅਸਲੀ ਭੁਗਤਾਨ ਅਤੇ ਕੀਤੇ ਗਏ ਭੁਗਤਾਨ ਦਾ ਫਰਕ ਆਪ ਹੜੱਪ ਲੈਂਦੀ ਹੈ ਅਤੇ ਇਸ ਦੇ ਨਾਲ-ਨਾਲ ਡਿਸਪੈਚ ਫੀਸ ਵਜੋਂ ਤੈਅ ਪ੍ਰਤੀਸ਼ਤ ਵੀ ਲੈਂਦੀ ਹੈ। ਅਜਿਹੇ ਘਪਲਿਆਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ। ਰੇਟ ਦੀ ਬੇਈਮਾਨੀ ਕਾਰਨ ਬਹੁਤ ਸਾਰੇ ਡਰਾਈਵਰ ਹਰ ਸਾਲ ਕਈ ਹਜ਼ਾਰ ਡਾਲਰਾਂ ਦੀ ਆਪਣੀ ਕਮਾਈ ਗੁਆ ਰਹੇ ਹਨ। ਮੈਂ ਡਰਾਈਵਰਾਂ ਨੂੰ ਦਫ਼ਤਰ ‘ਚ ਆਉਂਦੇ, ਆਪਣੀਆਂ ਤਨਖਾਹਾਂ ਦੇ ਚੈੱਕ ਦੇਖਦੇ ਅਤੇ ਦਫ਼ਤਰ ਦੇ ਸਟਾਫ਼ ਅਤੇ ਮਾਲਕਾਂ ‘ਤੇ ਉਨ੍ਹਾਂ ਨੂੰ ਧੋਖਾ ਦੇਣ ਲਈ ਚੀਕਦੇ ਹੋਏ ਦੇਖਿਆ ਹੈ। ਤੁਸੀਂ ਜਿਊਣ ਲਈ, ਆਪਣੇ ਬਿੱਲਾਂ ਦਾ ਭੁਗਤਾਨ ਕਰਨ ਲਈ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਲਈ ਕੰਮ ਕਰਦੇ ਹੋ; ਇਸ ਲਈ ਨਹੀਂ ਕਿ ਕੋਈ ਤੁਹਾਡੀ ਮਿਹਨਤ ਦੀ ਕਮਾਈ ਤੁਹਾਡੀ ਜੇਬ ਚੋਂ ਚੋਰੀ ਕਰਕੇ ਹੜੱਪ ਲੈਣ। ਡਰਾਈਵਰਾਂ ਦੀ ਤਨਖਾਹ ਮਾਰਨੀ ਬਿਲਕੁਲ ਗਲਤ ਹੈ ਅਤੇ ਹੁਣ ਤੇਲ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ, ਕਿ ਇਹ ਗਲਤ ਹ ਿਨਹੀਂ ਬਲਕਿ ਇੱਕ ਘੋਰ ਪਾਪ ਵੀ ਹੈ।
ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਅਜਿਹੀਆਂ ਟਰੱਕਿੰਗ ਫਰਮਾਂ ਵੀ ਹਨ, ਜੋ ਓਵਰਸਾਈਜ਼ ਅਤੇ ਹੋਰ ਲੋੜੀਂਦੇ ਲੋਡਾਂ ਲਈ ਪਰਮਿਟ ਖਰੀਦਣ ਤੋਂ ਇਨਕਾਰ ਕਰਦੀਆਂ ਹਨ। ਕੀ ਇਹੀ ਕਾਰਨ ਹੈ, ਕਿ ਹੁਣ ਜ਼ਿਆਦਾ ਹਾਦਸੇ ਅਤੇ ਓਵਰਪਾਸ ਨਾਲ ਟਕਰਾਉਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ? ਜੇ ਪਰਮਿਟ ਹੈ, ਤਾਂ ਪਾਲਣਾ ਕਰਨ ਲਈ ਇੱਕ ਨਿਰਧਾਰਿਤ ਰਸਤਾ ਵੀ ਹੁੰਦਾ ਹੈ। ਕੀ ਟਰੱਕਰ ਗਲਤ ਰਸਤਾ ਲੈ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਪਰਮਿਟ ਨਾ ਹੋਣ ਦੀ ਸਥਿਤੀ ਤੋਂ ਬਚਣ ਲਈ ਕੋਈ ਹੋਰ ਚਾਰਾ ਨਹੀਂ ਹੁੰਦਾ? ਇਹ ਸਿਰਫ਼ ਡਰਾਈਵਰ ਨੂੰ ਹੀ ਨਹੀਂ ਸਗੋਂ ਜਨਤਾ ਜੋ ਟਰੱਕਾਂ ਨਾਲ ਸੜਕਾਂ ਸਾਂਝੀਆਂ ਕਰਦੀ ਹੈ, ਉਨ੍ਹਾਂ ਨੂੰ ਵੀ ਖ਼ਤਰੇ ‘ਚ ਪਾਉਂਦਾ ਹੈ। ਪਰਮਿਟ ਦੇਣ ਤੋਂ ਇਨਕਾਰ ਕਰਨਾ ਸ਼ਕਤੀ ਦੀ ਦੁਰਵਰਤੋਂ ਹੈ। ਉਹ ਡਰਾਈਵਰ ਜੋ ਪਰਮਿਟ ਦੀਆਂ ਜ਼ਰੂਰਤਾਂ ਨੂੰ ਜਾਣਦੇ ਹੋਏ ਆਵਾਜ਼ ਉਠਾਉਂਦਾ ਹੈ, ਉਸ ਲਈ ਇਹ ਬਹੁਤ ਦੁਖਦਾਈ ਹੈ। ਇਹ ਡਰਾਈਵਰ ਜਾਂ ਜਨਤਾ ਪ੍ਰਤੀ ਜ਼ੀਰੋ ਸਨਮਾਨ ਹੈ, ਅਤੇ ਇਹ ਬਹੁਤ ਖ਼ਤਰਨਾਕ ਵੀ ਹੈ।
ਜਿਵੇਂ-ਜਿਵੇਂ ਟਰੱਕਿੰਗ ‘ਚ ਗਿਰਾਵਟ ਜਾਰੀ ਹੈ, ਅਜਿਹਾ ਲੱਗਦਾ ਹੈ ਕਿ ਦੁਰਵਿਵਹਾਰ ਵਧ ਰਿਹਾ ਹੈ। ਟਰੱਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਸੜਕ ਸਾਂਝੀ ਕਰਨ ਵਾਲੇ ਸਾਰਿਆਂ ਪ੍ਰਤੀ ਸਬਰ ਅਤੇ ਸਤਿਕਾਰ ਦੀ ਕਮੀ ਬਹੁਤ ਨਿਰਾਸ਼ਾਜਨਕ ਹੈ। ਮੈਨੂੰ ਉਮੀਦ ਹੈ ਕਿ ਤਕਨਾਲੋਜੀ ‘ਚ ਤਰੱਕੀ ਦੇ ਨਾਲ ਟਰੱਕਿੰਗ ‘ਚ ਵਧੇਰੇ ਨਿਯਮ ਅਤੇ ਵਧੇਰੇ ਪਾਰਦਰਸ਼ਤਾ ਆਵੇਗੀ। ਮੈਨੂੰ ਲੱਗਦਾ ਹੈ ਕਿ ੧੯੮੦ ‘ਚ ਅਮਰੀਕਾ ‘ਚ Motor Carrier Act ਦੇ ਨਾਲ ਟਰੱਕਿੰਗ ਇੰਡਸਟਰੀ ਦੇ ਡੀ-ਰੈਗੂਲੇਸ਼ਨ ਨੇ ਸਮੱਸਿਆਵਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਦਿੱਤਾ। ਇਸ ਨੇ ਬਹੁਤ ਸਾਰੇ ਕੈਰੀਅਰਾਂ ਨੂੰ ਮਾਰਕੀਟ ‘ਚ ਆਉਣ ਦੀ ਇਜਾਜ਼ਤ ਦਿੱਤੀ ਅਤੇ ਮਜ਼ਦੂਰੀ ਅੱਧੀ ਰਹਿ ਗਈ ਅਤੇ ਰਸਤੇ ‘ਚ ਬਹੁਤ ਸਾਰਾ ਧੋਖਾ ਹੋਇਆ। ਕਿਸੇ ਵੀ ਖੇਤਰ ‘ਚ ਕੋਈ ਵੀ ਦੁਰਵਿਵਹਾਰ ਦਾ ਹੱਕਦਾਰ ਨਹੀਂ ਹੈ। ਮੈਂ ਜਾਣਦੀ ਹਾਂ ਕਿ ਮੈਂ ਕਈ ਡਰਾਈਵਰਾਂ ਨੂੰ ਕਿਸੇ ਫਰਮ ਦੀ ਮਾੜੀ ਸਾਖ ਬਾਰੇ ਪਹਿਲਾਂ ਹੀ ਦੱਸ ਕੇ ਮਾੜੇ ਅਨੁਭਵ ਤੋਂ ਬਚਾਇਆ ਹੈ। ਜਿਨ੍ਹਾਂ ਨੇ ਸੁਣਿਆ ਉਹ ਧੰਨਵਾਦੀ ਹਨ। ਜਿਨ੍ਹਾਂ ਨੇ ਨਹੀਂ ਸੁਣਿਆ ੳਨ੍ਹਾਂ ਨੂੰ ਬਾਅਦ ‘ਚ ਤੰਗ ਤੇ ਔਖੇ ਹੋ ਕੇ ਪਤਾ ਲੱਗਾ, ਉਹ ਹਮੇਸ਼ਾ ਮੈਨੂੰ ਇਮਾਨਦਾਰ ਹੋਣ ਲਈ ਧੰਨਵਾਦ ਕਰਨ ਲਈ ਫ਼ੋਨ ਕਰਦੇ ਹਨ। ਜੇ ਹੋ ਸਕੇ ਤਾਂ ਕਿਸੇ ਫਰਮ ‘ਚ ਕੰਮ ਕਰਨ ਤੋਂ ਪਹਿਲਾਂ ਆਪਣੀ ਜਾਂਚ ਪੜਤਾਲ ਜ਼ਰੂਰ ਕਰੋ, ਪਰ ਜੇ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ, ਤਾਂ ਤੁਸੀਂ ਉੱਥੋਂ ਨਿੱਕਲ ਸਕਦੇ ਹੋ ਅਤੇ ਕੰਮ ਛੱਡ ਸਕਦੇ ਹੋ। ਆਪਣੇ ਆਪ ਨੂੰ ਦੁਰਵਿਵਹਾਰ ਤੋਂ ਬਚਾਓ ਅਤੇ ਕੰਮ ਕਰਨ ਲਈ ਅਜਿਹੀ ਜਗ੍ਹਾ ਲੱਭੋ ਜੋ ਤੁਹਾਡੀ ਕਦਰ ਕਰਦੀ ਹੋਵੇ ਅਤੇ ਤੁਹਾਡਾ ਸਨਮਾਨ ਕਰਦੀ ਹੋਵੇ।


