2.2 C
Vancouver
Friday, March 14, 2025

ਡ੍ਰਾਈਵਰ ਮੈਨੂੰ ਪੁੱਛਦੇ ਹਨ, “ਜੇਕਰ ਮੈਂ ਆਪਣਾ ਟਰੱਕ ਬੈਂਕ ਨੂੰ ਸੌਂਪ ਦਿੰਦਾ ਹਾਂ ਤਾਂ ਫਿਰ ਕੀ ਹੋਵੇਗਾ?”

ਮੇਰੀ ਪਹਿਲੀ ਨੌਕਰੀ ਉਗਰਾਹੀ ਕਰਨ ਦੀ ਸੀ। ਮੇਰੀ ਜ਼ੁੰਮੇਵਾਰੀ ਕੁਰਕੀ ਤੇ ਨਿਲਾਮੀ ਦੇ ਨਾਲ ਨਾਲ਼ ਡਿਫਾਲਟ ਸਬੰਧੀ ਕਾਨੂੰਨੀ ਮਾਮਲਿਆਂ ਨਾਲ਼ ਵੀ ਸਬੰਧਿਤ ਸੀ। ਮੇਰਾ ਪਿਛੋਕੜ ਡਿਫਾਲਟ ਨਾਲ ਸਬੰਧਿਤ ਹੋਣ ਕਰਕੇ ਮੈਂ ਕਰਜ਼ਾ ਦੇਣ ਸਮੇਂ ਬਹੁਤ ਹੀ ਸਾਵਧਾਨੀ ਵਰਤਦੀ ਹਾਂ, ਖਾਸ ਕਰਕੇ ਇਸ ਆਰਥਿਕ ਮੰਦਹਾਲੀ ਦੇ ਦੌਰ ‘ਚ।
ਟਰੱਕਿੰਗ ਦਾ ਕੰਮ ਬਹੁਤ ਘੱਟ ਹੋਣ ਕਰਕੇ ਡ੍ਰਾਈਵਰ ਮੈਨੂੰ ਪੁੱਛਦੇ ਹਨ, “ਜੇਕਰ ਮੈਂ ਆਪਣਾ ਟਰੱਕ ਬੈਂਕ ਨੂੰ ਸੌਂਪ ਦਿੰਦਾ ਹਾਂ ਤਾਂ ਫਿਰ ਕੀ ਹੋਵੇਗਾ?” ਉਨ੍ਹਾਂ ਦੀ ਨਜ਼ਰ ‘ਚ ਕਿਸ਼ਤਾਂ ਦਾ ਭੁਗਤਾਨ ਕਰਨ ਦੀ ਬਜਾਏ ਇਸ ਤਰ੍ਹਾਂ ਕਰਨਾ ਸੌਖਾ ਹੱਲ ਹੈ। ਦਰਅਸਲ ‘ਚ ਇਹ ਇੰਨਾ ਸੁਖਾਲਾ ਨਹੀਂ ਹੈ।

ਉਹ ਸੋਚਦੇ ਹਨ ਕਿ ਕਿਉਂਕਿ ਉਨ੍ਹਾਂ ਨੇ ਖੁਦ ਬਖੁਦ ਹੀ ਟਰੱਕ ਜਾਂ ਟ੍ਰੇਲਰ ਸੌਂਪ ਦਿੱਤਾ ਹੈ ਇਸ ਲਈ ਸਭ ਕੁੱਝ ਠੀਕ ਹੋ ਜਾਵੇਗਾ। ਪਰ ਇਸ ਤਰ੍ਹਾਂ ਨਹੀਂ ਹੁੰਦਾ।ਭਾਵੇਂ ਆਪਣੀ ਮਰਜ਼ੀ ਨਾਲ਼ ਜਾਂ ਬਿਨਾਂ ਮਰਜ਼ੀ ਜਦੋਂ ਤੁਸੀਂ ਆਪਣੀਆਂ ਕਿਸ਼ਤਾਂ ਨਾ ਦੇਣ ਦਾ ਫੈਸਲਾ ਕਰਦੇ ਹੋ ਤਾਂ ਤੁਹਾਡੇ ਕਰੈਡਿਟ ‘ਤੇ I8 ਲੱਗ ਜਾਵੇਗਾ। I8 ਦਾ ਮਤਲਬ ਹੈ ਤੁਹਾਡੇ ਸਮਾਨ ‘ਤੇ ਕਰਜ਼ਾ ਦੇਣ ਵਾਲ਼ੀ ਸੰਸਥਾ ਦਾ ਅਧਿਕਾਰ ਹੋ ਜਾਣਾ। I8 ਦਾ ਮਤਲਬ ਹੈ ਤੁਸੀਂ ਜੋ ਪੈਸਾ ਉਧਾਰ ਲਿਆ ਸੀ ਉਸ ਨੂੰ ਵਾਪਸ ਮੋੜਨ ਦਾ ਆਪਣਾ ਕੀਤਾ ਇਕਰਾਰ ਤੋੜ ਦੇਣਾ। ਇਹ ਤੁਹਾਡੇ ਕਰੈਡਿਟ ‘ਤੇ ਅਗਲੇ 7 ਸਾਲਾਂ ਤੱਕ ਰਹੇਗਾ, ਜਿਸ ਨਾਲ਼ ਕਿ ਤੁਹਾਨੂੰ ਹੋਰ ਕੋਈ ਵੀ ਕਿਸੇ ਤਰ੍ਹਾਂ ਦਾ ਕਰਜ਼ਾ
ਮਿਲ਼ਣਾ ਲੱਗਭਗ ਅਸੰਭਵ ਹੀ ਹੋ ਜਾਂਦਾ ਹੈ।
ਜਦੋਂ ਤੁਸੀਂ ਆਪਣਾ ਸਮਾਨ ਮੋੜ ਦਿੰਦੇ ਹੋ ਤਾਂ ਫਿਰ ਕੀ? ਵਿੱਤੀ ਸੰਸਥਾ ਉਸ ਨੂੰ ਵੇਚ ਦੇਵੇਗੀ। ਇਸ ਨੂੰ ਇਸ ‘ਤੇ ਬਕਾਇਆ ਰਹਿੰਦੀ ਰਾਸ਼ੀ ‘ਤੇ ਨਹੀਂ ਸਗੋਂ ਜੋ ਮਾਰਕੀਟ ਦੀ ਚਲ ਰਹੀ ਕੀਮਤ ਹੋਵੇ ਉਸ ਦੇ ਅਧਾਰ ‘ਤੇ ਵੇਚ ਦਿੱਤਾ ਜਾਂਦਾ ਹੈ। ਜੇਕਰ ਉਸ ਵਿੱਤੀ ਸੰਸਥਾ ਨੂੰ ਆਪਣੇ ਬਕਾਏ ਦੀ ਪੂਰੀ ਰਾਸ਼ੀ ਵਿੱਕਰੀ ਤੋਂ ਨਾ ਪ੍ਰਾਪਤ ਹੋਵੇ ਤਾਂ ਉਹ
ਬਾਕੀ ਬਚਦੀ ਰਕਮ ਵਸੂਲਣ ਲਈ ਉਸ ਕੰਪਨੀ ਜਾਂ ਉਸ ਇਨਸਾਨ ਤੋਂ ਉਗਰਾਹਣ ਦੀ ਕੋਸ਼ਿਸ਼ ਕਰੇਗੀ ਜਿਸ ਨੇ ਇਹ ਕਰਜ਼ਾ ਚੁੱਕਿਆ ਹੋਇਆ ਹੁੰਦਾ ਹੈ। ਆਮ ਤੌਰ ‘ਤੇ ਕਰਜ਼ਾ ਲੈਣ ਵਾਲ਼ੇ ‘ਤੇ ਦਾਅਵਾ ਕੀਤਾ ਜਾਂਦਾ ਹੈ ‘ਤੇ ਉਸ ਦੇ ਘਰ ‘ਤੇ ਰਕਮ ਪਾ ਦਿੱਤੀ ਜਾਂਦੀ ਹੈ, ਜਾਂ ਉਸ ਦੀ ਕਾਰ ਤੇ ਹੋਰ ਮਸ਼ੀਨਰੀ ‘ਤੇ ਵੀ ਪਾਈ ਜਾ ਸਕਦੀ ਹੈ ਤੇ ਉਸ ਦੀ ਤਨਖਾਹ ‘ਚੋਂ ਵੀ ਕਟੌਤੀ ਦਾ ਹੱਕ ਪ੍ਰਾਪਤ ਕਰ ਲਿਆ ਜਾ ਸਕਦਾ ਹੈ। ਇਸ ਲਈ ਯਾਦ ਰੱਖੋ ਤੁਹਾਡੇ ਸਿਰਫ ਪਾਸੇ ਤੁਰ ਜਾਣ ਨਾਲ਼ ਹੀ ਸਭ ਕੁੱਝ ਠੀਕ ਠਾਕ ਨਹੀਂ ਹੋ ਜਾਂਦਾ। ਤੁਹਾਡੇ ‘ਤੇ ਦਾਅਵਾ ਹੋ ਜਾਣ ਨਾਲ਼ ਵੀ ਇਹ ਤੁਹਾਡੇ ਕਰੈਡਿਟ ‘ਤੇ ਅਸਰ ਪਾਵੇਗਾ ਤੇ ਭਵਿੱਖ ‘ਚ ਕੋਈ ਹੋਰ ਕਰਜ਼ਾ
ਲੈਣਾ ਲਗਭਗ ਅਸੰਭਵ ਹੀ ਹੋ ਜਾਂਦਾ ਹੈ। ਜਦੋਂ ਕੋਈ ਕਰਜ਼ਦਾਰ ਕਰਜ਼ੇ ਨਾਲ਼ ਖ੍ਰੀਦੇ ਸੰਦ ਨੂੰ ਹੋਰ ਨਹੀਂ ਰੱਖਣਾ ਚਾਹੁੰਦਾ ਤੇ ਕਿਸ਼ਤਾਂ ਦੇਣੀਆਂ ਬੰਦ ਕਰਨਾ ਚਾਹੁੰਦਾ ਹੋਵੇ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਡਿਫਾਲਟ ਹੋਣ ਤੋਂ ਪਹਿਲਾਂ ਹੀ ਕਰਜ਼ਾ ਦੇਣ ਵਾਲ਼ੀ ਸੰਸਥਾ ਨਾਲ਼ ਗੱਲਬਾਤ ਕਰਕੇ ਉਸ ਸੰਦ ਨੂੰ ਵੇਚ ਦਿਓ। ਜੇਕਰ ਤੁਸੀਂ ਆਪਣਾ ਕਰਜ਼ਾ ਜਾਂ ਲੀਜ਼ ਸਹੀ ਤਰੀਕੇ ਨਾਲ਼ ਲਈ ਹੋਵੇ ਤਾਂ ਤੁਹਾਡੇ ਸਮਾਨ ਦੀ ਕੀਮਤ ਉਸ ‘ਤੇ ਬਚਦੀ ਰਾਸ਼ੀ ਨਾਲੋਂ ਜ਼ਿਆਦਾ ਹੋਵੇਗੀ।
ਜੇਕਰ ਤੁਸੀਂ ਕਰਜ਼ਾ ਲੈਂਦੇ ਸਮੇਂ ਪਹਿਲਾਂ ਬਹੁਤ ਘੱਟ ਪੈਸੇ ਦਿੱਤੇ ਹੋਣ ਤਾਂ ਹੋ ਸਕਦਾ ਹੈ ਤੁਹਾਨੂੰ ਸਮਾਨ ਵੇਚਣ ਤੋਂ ਬਾਅਦ ਆਪਣੀ ਜੇਬ ‘ਚੋਂ ਵੀ ਪੈਸੇ ਬੈਂਕ ਨੂੰ ਅਦਾ ਕਰਨੇ ਪੈਣ।ਇੱਕ ਸਾਬਕਾ ਉਗਰਾਹੀ ਕਰਨ ਵਾਲ਼ੀ ਹੋਣ ਕਰਕੇ ਮੈਂ ਤੁਹਾਨੂੰ ਇਹ ਸਲਾਹ ਦੇਵਾਂਗੀ ਕਿ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਜੇਕਰ ਤੁਹਾਨੂੰ ਕਿਸ਼ਤਾਂ ਮੋੜਨ ‘ਚ ਔਖਿਆਈ ਹੁੰਦੀ ਹੋਵੇ ਤਾਂ ਆਪਣੇ ਕਰਜ਼ੇ ਵਾਲ਼ੀ ਸੰਸਥਾ ਨਾਲ਼ ਗੱਲ ਕਰਕੇ ਤੁਹਾਨੂੰ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਗੱਲਬਾਤ ਨਾ ਕਰਨੀ ਬਹੁਤ ਹੀ ਮਾੜੀ ਗੱਲ ਸਾਬਤ ਹੋ ਸਕਦੀ ਹੈ। ਜਦੋਂ ਬੈਂਕ ਵਾਲ਼ੇ ਤੁਹਾਡੇ ਨਾਲ਼ ਸੰਪਰਕ ਨਾ ਕਰ ਸਕਣ ਕਿਉਂਕਿ ਤੁਸੀਂ ਉਨ੍ਹਾਂ ਨੂੰ ਟਾਲ਼ਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਹਾਲਾਤ ਬਹੁਤ ਹੀ ਜਲਦੀ ਬਹੁਤ ਵਿਗੜ ਸਕਦੇ ਹਨ। ਮੈਂ ਇੱਕ ਵਾਰ ਕਿਸੇ ਘਰ ਨੂੰ ਫੋਰਕਲੋਜ਼ ਕੀਤਾ ਸੀ ਤੇ ਉਸ ਘਰ ‘ਚ ਨਵੇਂ ਮਾਲਕ 41 ਦਿਨ ਦੇ ਅੰਦਰ ਅੰਦਰ ਬਿਠਾ ਦਿੱਤੇ ਸਨ। ਕਰਜ਼ਦਾਰ ਨੇ ਮੇਰੇ ਕਿਸੇ ਵੀ ਫੋਨ ਦਾ, ਚਿੱਠੀ ਪੱਤਰ ਦਾ, ਜਾਂ ਮੇਰੇ ਉੱਥੇ ਖੁਦ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ, ਇਸ ਲਈ ਮੈਂ ਕੁਰਕੀ ਦਾ ਫੈਸਲਾ ਕੀਤਾ, ਉਨ੍ਹਾਂ ਦੀ ਕਾਰ ਦੀ ਮਲਕੀਅਤ ਲੈ ਲਈ ਤੇ ਸ਼ੈਰਿਫ ਕੋਲੋਂ ਉਨ੍ਹਾਂ ਦਾ ਸਮਾਨ ਸੜਕ ‘ਤੇ ਸੁੱਟਵਾ ਦਿੱਤਾ। ਇਹ ਬੇਸ਼ੱਕ ਨਿਰਦਈ ਲਗਦਾ ਹੈ ਪਰ ਪੈਸਾ ਤਾਂ ਪੈਸਾ ਹੀ ਹੈ, ਤੇ ਜੇਕਰ ਤੁਸੀਂ ਆਪਣਾ ਕਰਜ਼ਾ ਮੋੜ ਨਹੀਂ ਸਕਦੇ ਤਾਂ ਉਸ ਦੇ ਸਿੱਟੇ ਮਾੜੇ ਹੀ ਨਿੱਕਲਣਗੇ।
ਹੁਣ ਟਰੱਕਿੰਗ ‘ਚ ਮੈਂ ਜਿੰਨਾ ਮੰਦਾ ਪਿਛਲੇ ਦਸ ਸਾਲਾਂ ਤੋਂ ਚੱਲ ਰਿਹਾ ਵੇਖ ਰਹੀ ਹਾਂ, ਉਸ ਤੋਂ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਲੋਕਾਂ ਲਈ ਬਹੁਤ ਜਲਦੀ ਕਿਸ਼ਤਾਂ ਮੋੜਨੀਆਂ ਔਖੀਆਂ ਹੋ ਜਾਣਗੀਆਂ। ਸਿਰਫ ਟਰੱਕਿੰਗ ਹੀ ਨਹੀਂ ਸਗੋਂ ਜੰਗਲਾਤ ਤੇ ਹੋਰ ਕਈ ਅਦਾਰੇ ਬਹੁਤ ਮੁਸ਼ਕਿਲ ਸਮੇਂ ‘ਚੋਂ ਗੁਜ਼ਰ ਰਹੇ ਹਨ।ਡਿਫਾਲਟ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਪਹਿਲਾਂ ਹੀ ਕਾਫੀ ਰਕਮ ਜਮ੍ਹਾਂ ਕਰ ਕੇ ਰੱਖੋ। ਮੈਂ ਅਕਸਰ ਆਪਣੇ ਗਾਹਕਾਂ ਨੂੰ ਸਲਾਹ ਦਿੰਦੀ ਹਾਂ ਕਿ ਘੱਟੋ ਘੱਟ ਅਗਲੇ ਛੇ ਮਹੀਨਿਆਂ ਦੇ ਖਰਚੇ ਤੁਹਾਡੇ ਕੋਲ਼
ਹਰ ਵਕਤ ਉਪਲਬਧ ਹੋਣੇ ਚਾਹੀਦੇ ਹਨ। ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸ਼ਤਾਂ ਦੇਣ ਲਈ ਕਾਫੀ ਸੰਘਰਸ਼ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਆਪਣੀ ਮਸ਼ੀਨਰੀ ਵੇਚ ਦਿਓ ਤੇ ਆਪਣੀ ਬੈਂਕ ਨਾਲ ਸੰਪਰਕ ‘ਚ ਰਹੋ ਤਾਂ ਕਿ ਉਨ੍ਹਾਂ ਨੂੰ ਜਾਣਕਾਰੀ ਹੋਵੇ ਕਿ ਤੁਸੀਂ ਕੀ ਕਰ ਰਹੇ ਹੋ ਤੇ ਸ਼ਾਇਦ ਉਹ ਤੁਹਾਡੀ ਮਸ਼ੀਨਰੀ ਵਿਕਵਾਉਣ ‘ਚ ਵੀ ਮੱਦਦ ਕਰ ਸਕਦੇ ਹੋਣ। ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੀਆਂ ਸੰਭਾਵਨਾਵਾਂ ਬਾਰੇ ਸੋਚੋ ਤਾਂ ਕਿ ਤੁਹਾਨੂੰ ਪਛਤਾਉਣਾ ਨਾ ਪਵੇ। ਜਦੋਂ ਤੁਹਾਡੇ ਕੋਲ਼ ਪੈਸੇ ਦੀ ਘਾਟ ਹੁੰਦੀ
ਹੈ ਤਾਂ ਕੀ ਫਿਰ ਵੀ ਤੁਸੀਂ ਕਰਿਸਮਸ ਵੇਲ਼ੇ ਬਹੁਤ ਤੋਹਫੇ ਖਰੀਦਦੇ ਹੋ ਤੇ ਛੁੱਟੀਆਂ ‘ਤ ੇਜਾਂਦੇ ਹੋ ਜਾਂ ਪੈਸੇ ਬਚਾ ਕੇ ਕਿਸ਼ਤਾਂ ਮੋੜਨ ਬਾਰੇ ਸੋਚਦੇ ਹੋ। ਆਪਣੇ ਫੈੇਸਲਿਆਂ ਬਾਰੇ ਧਿਆਨ ਨਾਲ਼ ਸੋਚੋ।ਸਿਰਫ ਤੁਸੀਂ ਹੀ ਦੱਸ ਸਕਦੇ ਹੋ ਤੁਹਾਡੇ ਲਈ ਕੀ ਠੀਕ ਹੈ ਕੀ ਨਹੀਂ। ਆਪਣੇ ਪੈਸੇ ਸੰਭਾਲ ਕੇ ਰੱਖੋ ਤਾਂ ਕਿ ਤੁਹਾਨੂੰ ਰੀਪੋ ਮੈਨ ਨਾਲ਼ ਨਾ ਨਜਿੱਠਣਾ ਪਵੇ।

Pash Brar