ਟੋਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਵਿੱਚ ਇੰਡੋ ਕਨੇਡੀਅਨ ਟਰੱਕਰਜ਼ ਉੱਪਰ ਡਰੱਗ ਢੋਣ ਵਿੱਚ ਵੱਡੇ ਪੱਧਰ ਤੇ ਸ਼ਾਮਲ ਦਾ ਦੋਸ਼ ਲਗਾਇਆ ਗਿਆ ਹੈ ਜੋ ਸਰਾਸਰ ਗਲਤ ਹੈ, ਦੇਸੀ ਟਰੱਕਿੰਗ ਮੈਗ਼ਜ਼ੀਨ ਇਸ ਰਿਪੋਰਟ ਦਾ ਵਿਰੋਧ ਕਰਦਾ ਹੈ ਕਿਉਂਕੇ ਕੁੱਝ ਕ’ ਮਾੜੇ ਡਰਾਇਵਰਾਂ ਕਰਕੇ ਪੂਰੇ ਇੰਡੋ ਕਨੇਡੀਅਨ ਟਰੱਕਰਜ਼ ਜੋ ਕਿ ਬੜੀ ਇਮਾਨਦਾਰੀ ਨਾਲ, ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ਼ ਰਹੇ ਹਨ, ਉੱਪਰ ਡਰੱਗ ਢੋਣ ਦਾ ਲੇਬਲ ਨਹੀਂ ਲਗਾਇਆ ਜਾ ਸਕਦਾ।ਟਰਾਕਿੰਗ ਕਾਰੋਬਾਰ ਵਿੱਚ ਹੋਰ ਵੀ ਬਹੁਤ ਨਸਲਾਂ ਦੇ ਲੋਕ ਕੰਮ ਕਰਦੇ ਹਨ, ਸਿਰਫ਼ ਇੱਕ ਨਸਲ ਦੇ ਲੋਕਾਂ ਨੂੰ ਹੀ ਨਿਸ਼ਾਨਾਂ ਨਹੀਂ ਬਨਾਉਣਾ ਚਾਹੀਦਾ। ਟੋਰਾਂਟੋ ਸਟਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸਾਰੇ ਅੰਕੜੇ ਪੇਸ਼ ਕਰਦਾ ਕਿ ਬਾਰਡਰ ਉੱਪਰ ਕਿੰਨੇ ਲੋਕ ਡਰੱਗ ਵਿੱਚ ਫੜੇ ਗਏ ਅਤੇ ਉਹਨਾਂ ਵਿੱਚ ਕਿੰਨੇ ਬੰਦੇ ਕਿਹੜੀ ਨਸਲ਼ ਨਾਲ ਸਬੰਧਿਤ ਸਨ।
ਜਾਂ ਫਿਰ ਇਸ ਰਿਪੋਰਟ ਵਿੱਚ ਸਮੁੱਚੇ ਤੌਰ ਤੇ ਡਰੱਗ ਦੀ ਵੱਧ ਰਹੀ ਸਮੱਸਿਆ ਉੱਪਰ ਵਿਚਾਰ ਕੀਤੀ ਜਾਣੀ ਚਾਹੀਦੀ ਸੀ ਕਿ ਕਿਸ ਤਰਾਂ ਟਰੱਕਿੰਗ ਕਾਰੋਬਾਰ ਦੇ ਕੁੱਝ ਲੋਕ ਇਸ ਵਿੱਚ ਸ਼ਾਮਲ ਹਨ ਅਤੇ ਇਸ ਦੇ ਕਾਰਨ ਕੀ ਹਨ।ਸਿੱਧੇ ਤੌਰ ਤੇ ਇਹ ਕਹਿਣਾ ਕਿ ਗ੍ਰੇਟਰ ਟੋਰਾਂਟੋ, ਖ਼ਾਸ ਕਰਕੇ ਬਰੈਂਪਟਨ ਅਤੇ ਮਿਸੀਸਾਗਾ ਦੇ ਇੰਡੋਕਨੇਡੀਅਨ ਟਰੱਕਰਜ਼ ਡਰੱਗ ਢੋਣ ਵਿੱਚ ਸ਼ਾਮਲ ਹਨ, ਬਿਲਕੁੱਲ ਗ਼ਲਤ ਗੱਲ ਹੈ।ਟਰੱਕਰ ਸਿਰਫ ਇਹਨਾਂ ਸ਼ਹਿਰਾਂ ਵਿੱਚ ਹੀ ਵਸਦੇ ਹਨ, ਬਾਕੀ ਸ਼ਹਿਰਾਂ ਦੇ ਟਰੱਕਰਜ਼ ਦੇ ਆਂਕੜੇ ਵੀ ਪੇਸ਼ ਕੀਤੇ ਜਾਣੇ ਚਾਹੀਦੇ ਸਨ।ਰਵੀਨਾ ਔਲਖ ੳਨੁਸਾਰ ਉਨਟੈਰੀਓ ਵਿੱਚ 60% ਟਰੱਕਰਜ਼ ਇੰਡੋ-ਕਨੇਡੀਅਨ ਹਨ, ਬਾਕੀ ਟਰੱਕਰਜ਼ ਦੇ ਅੰਕੜੇ ਵੀ ਨਾਲ ਦਿੱਤੇ ਜਾਣੇ ਚਾਹੀਦੇ ਸਨ, ਕਿ ਉਹਨਾਂ ਵਿੱਚੋ ਕਿੰਨੇ ਲੋਕ ਇਸ ਵਿੱਚ ਸ਼ਾਮਲ ਹਨ।
ਜੁਲਾਈ 31, 2011 ਵਿੱਚ ਸਟੈਨਲੀ ਟਰਾਂਪ ਦਾ ਇੱਕ ਲੇਖ ਛਪਿਆ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਟਰੱਕਿੰਗ ਵਿੱਚ ਆਏ ਮੰਦਵਾੜੇ ਅਤੇ ਡਰਾਇਵਰਾਂ ਦੀਆਂ ਘੱਟ ਤਨਖਾਹਾਂ ਕਾਰਨ ਕੁੱਝ ਟਰੱਕ ਡਰਾਇਵਰ ਮਜਬੂਰੀ ਵੱਸ ਡਰੱਗ ਢੋਣ ਦੇ ਕੰਮ ਵਿੱਚ ਧੱਕੇ ਗਏ, ਟਰਾਂਪ ਨੇ ਇਹ ਨਹੀਂ ਕਿਹਾ ਕਿ ਉਹ ਕਿਸ ਨਸਲ਼ ਨਾਲ ਸਬੰਧਿਤ ਸਨ।ਕਿਸੇ ਇੱਕ ਨਸਲ਼ ਦੇ ਲੋਕਾਂ ਨੂੰ ਭੰਡਣ ਦੀ ਬਜਾਇ ਟੋਰਾਂਟੋ ਸਟਾਰ ਵਰਗੇ ਇੱਕ ਵੱਡੇ ਅਤੇ ਜਿੰਮੇਵਾਰ ਅਖ਼ਬਾਰ ਨੂੰ ਵੀ ਇੱਕ ਵਿਸਥਾਰ ਵਾਲੀ ਰਿਪੋਰਟ ਪੇਸ਼ ਕਰਨੀ ਚਾਹੀਦੀ ਸੀ ਜਿਸ ਵਿੱਚ ਹਰ ਤਰ੍ਹਾਂ ਦੇ ਅੰਕੜੇ ਅਤੇ ਕਾਰਨ ਵਿਚਾਰੇ ਜਾਣੇ ਚਾਹੀਦੇ ਸਨ।ਦੇਸੀ ਟਰੱਕਿੰਗ ਮੈਗ਼ਜ਼ੀਨ ਵੱਲੋਂ ਇਸ ਬਾਰੇ ਗੱਲ ਵੀ ਕੀਤੀ ਜਾ ਰਹੀ ਹੈ ਤਾਂ ਕਿ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖ਼ਿਆ ਜਾਵੇ।