ਕੀ ਟਰੱਕ ਰਿਪੇਅਰਾਂ ਦੇ ਖਰਚੇ ਜਾਇਜ਼ ਹਨ?

 

ਮੈਂ ਪਿਛਲੇ ਮਹੀਨਿਆਂ ‘ਚ ਕਈ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲੀ ਹਾਂ ਜਿਨ੍ਹਾਂ ਦਾ ਪਿਛਲੇ ਮਹੀਨਿਆਂ ‘ਚ ਟਰੱਕਾਂ ਦੀ ਮੁਰੰਮਤ ‘ਤੇ ਬਹੁਤ ਖਰਚਾ ਹੋਇਆ ਹੈ। ਮੁਰੰਮਤ ਕਰਨ ਵਾਲ਼ਿਆਂ ਵੱਲੋਂ ਟਰੱਕ ਮੁਰੰਮਤ ਦੇ ਭੇਜੇ ਬਿੱਲ ਇੰਨੇ ਜ਼ਿਆਦਾ ਹਨ ਕਿ ਕਈ ਵਾਰ ਤਾਂ ਇਹ ਬਿੱਲ ਟਰੱਕ ਦੀ ਮੌਜੂਦਾ ਅਸਲ ਕੀਮਤ ਨਾਲ਼ੋਂ ਵੀ ਵੱਧ ਹੁੰਦੇ ਹਨ। ਜਿੱਥੋਂ ਤੱਕ ਟਰੱਕ ਦੀ ਮੁਰੰਮਤ ਜਾਂ ਸਾਂਭ ਸੰਭਾਲ ਹੈ ਨਾ ਤਾਂ ਇਸ ਨੂੰ ਟਾਲ਼ਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਟਰੱਕ ਨੂੰ ਸੜਕ ‘ਤੇ ਠੀਕ ਠਾਕ ਚਲਦਾ ਰੱਖਣ ਲਈ ਇਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਹੀ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਵੀ ਬਣੀ ਰਹਿੰਦੀ ਹੈ ਅਤੇ ਇਸ ਤੋਂ ਕਮਾਈ ਵੀ ਕੀਤੀ ਜਾਂਦੀ ਹੈ। ਪਰ ਸੋਚਣ ਵਾਲ਼ੀ ਗੱਲ ਇਹ ਹੈ ਕਿ ਜਦੋਂ ਟਰੱਕ ਦੀ ਬਜ਼ਾਰੀ ਕੀਮਤ ਨਾਲ਼ੋਂ ਇਸ ਦੀ ਮੁਰੰਮਤ ਦਾ ਖਰਚਾ ਵਧ ਜਾਵੇ ਤਾਂ ਕੀ ਇਸ ਦੀ ਮੁਰੰਮਤ ਕਰਵਾਉਣੀ ਠੀਕ ਰਹੇਗੀ ਜਾਂ ਇਸ ਨੂੰ ਵੇਚ ਕੇ ਨਵਾਂ ਟਰੱਕ ਲੈਣਾ ਠੀਕ ਹੋਵੇਗਾ?
ਮੇਰੇ ਇੱਕ ਗਾਹਕ ਵੱਲੋਂ ਮੇਰੇ ਕੋਲ਼ ਇਸ ਗੱਲ ਲਈ ਪਹੁੰਚ ਕੀਤੀ ਗਈ ਕਿ ਉਹ ਆਪਣੇ ਪਹਿਲੇ ਪੇਡ ਆਫ ਟਰੱਕ ਨੂੰ ਠੀਕ ਕਰਾਉਣ ਲਈ ਮਕੈਨਿਕ ਨੂੰ ਦੇਣ ਲਈ ਪੈਸੇ ਲੈਣਾ ਚਾਹੁੰਦਾ ਸੀ। ਪਰ ਮੈਂ ਮੁਰੰਮਤ ਦੇ ਬਿੱਲਾਂ ਨੂੰ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਉਸ ਟਰੱਕ ਦੀ ਮੌਜੂਦਾ ਕੀਮਤ ਨਾਲ਼ੋਂ ਤਿੰਨ ਗੁਣਾਂ ਜ਼ਿਆਦਾ ਸਨ। ਜਦੋਂ ਟਰੱਕ ਦੀ ਨਿਰਪੱਖ ਵਿਅਕਤੀ ਤੋਂ ਕੀਮਤ ਲੁਆਈ ਗਈ ਤਾਂ ਇਸ ਦੀ ਕੀਮਤ ਤਾਂ ਮੁਰੰਮਤ ਦੀ ਰਕਮ ਤੋਂ ਕਿਤੇ ਘੱਟ ਸੀ। ਦੂਜੀ ਗੱਲ ਇਹ ਕਿ ਜੇ ਉਸ ਦੀ ਮੁਰੰਮਤ ਕਰਵਾ ਲਈ ਜਾਂਦੀ ਤਾਂ ਉਸ ਟਰੱਕ ਦੀ ਕੀਮਤ ਫਿਰ ਵੀ ਮੁਰੰਮਤ ‘ਤੇ ਕੀਤੇ ਗਏ ਖਰਚੇ ਤੋਂ ਕਿਤੇ ਘੱਟ ਰਹਿਣੀ ਸੀ। ਜਦੋਂ ਬੈਂਕ ਤੋਂ ਕਰਜ਼ਾ ਲੈਣਾ ਸੀ ਤਾਂ ਉਸ ਵੱਲੋਂ ਟਰੱਕ ਦੀ ਕੀਮਤ ਅਨੁਸਾਰ ਹੀ ਹੋਣਾ ਸੀ। ਇਸ ਤਰ੍ਹਾਂ ਟਰੱਕ ਮਾਲਕ ਦੁਬਿਧਾ ‘ਚ ਫਸ ਗਿਆ। ਕਰਜ਼ਾ ਲੈਣ ਦਾ ਬਾਕੀ ਇੱਕ ਹੀ ਰਾਹ ਬਚਿਆ ਸੀ ਉਹ ਸੀ ਘਰ ‘ਤੇ ਕਰਜ਼ਾ ਲੈਣਾ, ਜਿਹੜਾ ਵੀ ਘਰ ਦੀ ਮੌਜੂਦਾ ਕੀਮਤ ਅਨੁਸਾਰ ਹੀ ਮਿਲਣਾ ਸੀ।

Apply Today

ਹਾਲ ‘ਚ ਹੀ ਮੈਂ ਇੱਕ ਉਸ ਮਕੈਨਿਕ ਨੂੰ ਵੀ ਮਿਲ਼ੀ ਹਾਂ ਜਿਸ ਨੇ ਇੱਕ ਪੁਰਾਣੇ ਟਰੱਕ ‘ਚ ਨਵੀਂ ਮੋਟਰ ਪਾਈ ਸੀ। ਉਸ ਕੋਲ ਇੱਕ ਗਾਹਕ ਸੀ ਜੋ ਉਹ ਟਰੱਕ ਲੈਣਾ ਚਾਹੁੰਦਾ ਸੀ ਪਰ ਉਹ ਚਾਹੁੰਦਾ ਸੀ ਕਿ ਪਹਿਲਾਂ ਇਸ ਟਰੱਕ ਦਾ ਬਾਕੀ ਹਾਰ ਸ਼ਿੰਗਾਰ ਹੋ ਜਾਵੇ। ਉਸ ਨੇ ਮਕੈਨਿਕ ਨੂੰ ਬਾਡੀ ਠੀਕ ਕਰਨ, ਕਰੋਮ ਤੇ ਲਾਈਟਾਂ ਲਾ ਕੇ ਵਧੀਆ ਦਿੱਖ ਵਾਲਾ ਟਰੱਕ ਬਣਾਉਣ ਲਈ ਕਿਹਾ। ਪਰ ਦੂਜੇ ਬੰਨੇ ਇਸ ਸਭ ਕੁੱਝ ਹੋਣ ਕਾਰਨ ਵਧੇ ਖਰਚੇ ਅਨੁਸਾਰ ਬੈਂਕ ਨੇ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਬੈਂਕ ਵਾਲ਼ੇ ਕੇਵਲ ਟਰੱਕ ਦੀ ਮਾਰਕਿਟ ਕੀਮਤ ਦੇ ਅਨੁਸਾਰ ਹੀ ਕਰਜ਼ਾ ਦੇਣ ਦੀ ਗੱਲ ਕਹਿ ਰਹੇ ਸਨ। ਬੈਂਕ ਵਾਲ਼ਿਆਂ ਨੇ ਇਹ ਵੀ ਸਲਾਹ ਦਿੱਤੀ ਕਿ ਉਹ ਇਸ ਦੀ ਥਾਂ ਨਵਾਂ ਟਰੱਕ ਲੈ ਲਵੇ ਜਿਸ ਦੀ ਪੂਰੀ ਗਰੰਟੀ ਹੋਵੇ। ਪਰ ਟਰੱਕ ਲੈਣ ਵਾਲਾ ਕੇਵਲ ਪੁਰਾਣਾ ਟਰੱਕ ਹੀ ਲੈਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੂੰ ਭਾਰੀਆਂ ਭਰਕਮ ਕਿਸ਼ਤਾਂ ਦੇਣੀਆਂ ਪੈਣੀਆਂ ਸਨ। ਟਰੱਕ ਲੈਣ ਵਾਲ਼ੇ ਨੂੰ ਇਸ ਲਈ ਵੀ ਸਾਵਧਾਨ ਕੀਤਾ ਗਿਆ ਕਿ ਜੇ ਪਹਿਲੇ ਸਾਲ ਟਰੱਕ ਦਾ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਇਸ ਨੁਕਸਾਨ ਲਈ ਇੰਸ਼ੂਰੈਂਸ ਵਾਲੇ ਕੋਈ ਪੈਸਾ ਨਹੀਂ ਦੇਣਗੇ। ਕਾਰਨ ਇਹ ਕਿ ਉਹ ਟਰੱਕ ਦੀ ਪੂਰੀ ਅਦਾ ਕੀਤੀ ਹੋਈ ਕੀਮਤ ਕਵਰ ਨਹੀਂ ਕਰਨਗੇ।
ਮੈਂ, ਹੈਵੀ ਇਕੁਇਪਮੈਂਟ ਐਕਸੀਡੈਂਟ ਕਲੇਮਾਂ ਨਾਲ ਕੰਮ ਕਰਦੇ ਇੱਕ ਇੰਸ਼ੂਰੈਂਸ ਐਡਜਸਟਰ ਨਾਲ ਗੱਲ ਕੀਤੀ। ਉਸ ਵੱਲੋਂ ਵੀ ਇਸ ਗੱਲ ਦੀ ਤਸਦੀਕ ਕੀਤੀ ਗਈ। ਬਹੁਤ ਸਾਰੇ ਟਰੱਕਾਂ ਵਾਲ਼ਿਆਂ ਵੱਲੋਂ ਉਨ੍ਹਾਂ ਟਰੱਕਾਂ ਜਿਨ੍ਹਾਂ ਤੋਂ ਕੰਮ ਨਹੀਂ ਲੈਣਾ ਚਾਹੀਦਾ ਅਤੇ ਕਬਾੜ ‘ਚ ਸੁੱਟ ਦੇਣੇ ਚਾਹੀਦੇ ਹਨ, ‘ਤੇ ਲੋੜ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਇਸ ਤਰ੍ਹਾਂ ਦੇ ਮਾਲਕਾਂ ਨੂੰ ਨੁਕਸਾਨ ਹੀ ਝੱਲਣਾ ਪਵੇਗਾ। ਟਰੱਕਿੰਗ ਇੱਕ ਬਿਜ਼ਨਸ ਹੈ, ਇਸ ਲਈ ਇਹ ਸਾਰਾ ਕੁੱਝ ਮਾਲਕ ਦੇ ਹੱਥ ਵੱਸ ਹੈ, ਕਿ ਉਹ ਪੁਰਾਣੇ ਟਰੱਕ ਜਿਸ ਦੀ ਮੁਰੰਮਤ ‘ਤੇ ਲੋੜੋਂ ਵੱਧ ਖਰਚ ਹੋ ਰਿਹਾ ਹੈ ਉਸ ਤੋਂ ਮੁਕਤੀ ਪਾ ਕੇ ਨਵਾਂ ਟਰੱਕ ਲੈਣਾ ਹੈ ਜਾਂ ਉਸ ‘ਤੇ ਕੁਵੱਲੇ ਖਰਚੇ ਕਰੀ ਜਾਣੇ ਹਨ। ਇੰਸ਼ੂਰੈਂਸ ਐਡਜਸਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇੱਕ ਇਸ ਤਰ੍ਹਾਂ ਦੇ ਟਰੱਕ ਮਾਲਕ ਨੂੰ ਜਾਣਦਾ ਹੈ ਜਿਹੜਾ ਕੇਵਲ ਟਰੱਕ ਨੂੰ ਉੱਨਾ ਚਿਰ ਰੱਖਦਾ ਹੈ ਜਿੰਨਾ ਚਿਰ ਉਸ ਦੀ ਵਾਰੰਟੀ ਹੈ। ਜਦੋਂ ਹੀ ਵਾਰੰਟੀ ਖਤਮ ਹੁੰਦੀ ਹੈ, ਉਹ ਉਸ ਨੂੰ ਵੇਚ ਕੇ ਨਵਾਂ ਟਰੱਕ ਲੈ ਲੈਂਦਾ ਹੈ। ਇਸ ਤਰ੍ਹਾਂ ਕਰਨ ਦੀ ਸਲਾਹ, ਜਿਹੜੀ ਮੇਰੀ ਜਾਚੇ ਬਹੁਤ ਵਧੀਆ ਹੈ, ਉਸ ਦੇ ਅਕਾਊਂਟੈਂਟ ਨੇ ਹੀ ਦਿੱਤੀ ਸੀ, ਜਿਸ ‘ਤੇ ਉਹ ਅਮਲ ਕਰਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦਾ ਕਦੇ ਵੀ ਹੱਦੋਂ ਵੱਧ ਨੁਕਸਾਨ ਨਹੀਂ ਹੋਇਆ। ਇਸ ਲਈ ਇਹ ਸਲਾਹ ਲਗਦੀ ਵੀ ਠੀਕ ਹੈ।
ਕੀ ਕਿਸੇ ਉਮਰ ਵਿਹਾ ਚੁੱਕੇ ਟਰੱਕ ‘ਤੇ ਵਧੇਰੇ ਖਰਚ ਕਰਨਾ ਫਾਇਦੇਮੰਦ ਹੋ ਸਕੇਗਾ? ਜਦੋਂ ਇੰਸ਼ੂਰੈਂਸ ਕੰਪਨੀਆਂ ਇਹੋ ਜਿਹੇ ਟਰੱਕਾਂ ਦੇ ਕਲੇਮਾਂ ਵੱਲ ਵੇਖਦੀਆਂ ਹਨ, ਤਾਂ ਉਹ ਇਸ ਤਰ੍ਹਾਂ ਦੇ ਹੋਰ ਟਰੱਕ ਦੀ ਕੀਮਤ ਨਾਲ਼ ਮੁਕਾਬਲਾ ਕਰਦੀਆਂ ਹਨ ਅਤੇ ਇਨ੍ਹਾਂ ਦੀ ਕੀਮਤ ਨਿਰਧਾਰਤ ਕਰਨ ਦੇ ਉਸ ਤਰ੍ਹਾਂ ਦੇ ਫਾਰਮੂਲੇ ਵਰਤਦੀਆਂ ਹਨ। ਹਾਂ, ਇਹ ਠੀਕ ਹੈ ਕਿ ਕਿਸੇ ਰੀਬਿਲਡ ਟਰੱਕ ਦੀ ਕੀਮਤ ਥੋੜ੍ਹੀ ਜ਼ਿਆਦਾ ਲੱਗ ਜਾਂਦੀ ਹੈ। ਪਰ ਇਹ ਜ਼ਰੂਰ ਵੇਖਿਆ ਜਾਂਦਾ ਹੈ ਕਿ ਇਹ ਰੀਬਿਲਡ ਕਿੱਥੇ ਹੋਇਆ। ਕਿਸੇ ਡੀਲਰਸ਼ਿਪ ‘ਚ ਜਾਂ ਇਸ ‘ਚ ਨਵੇਂ ਪੁਰਜ਼ੇ ਵਰਤੇ ਗਏ, ਜਾਂ ਨਵੀਂ ਪਾਈ ਮੋਟਰ ਨਾਲ਼ ਕਿੰਨਾ ਸਫਰ ਕੀਤਾ ਹੈ। ਇਸ ਤਰ੍ਹਾਂ ਦੀ ਹਾਲਤ ‘ਚ ਕੀਮਤ ਥੋੜ੍ਹੀ ਵੱਧ ਲਗ ਜਾਂਦੀ ਹੈ। ਪਰ ਫਿਰ ਵੀ ਕੀਤੇ ਗਏ ਖਰਚੇ ਬਰਾਬਰ ਇਹ ਕਦੇ ਵੀ ਨਹੀਂ ਹੁੰਦੀ। ਇਸ ਦੀ ਇੱਕ ਮਿਸਾਲ ਵਜੋਂ, “ਕਿਸੇ ਨੇ ਇਸ ਦੇ ਰੀਬਿਲਡ ਲਈ 40,000 ਡਾਲਰ ਲਾਏ ਅਤੇ 40,000 ਡਾਲਰ ਹੀ ਉਸ ਦੀ ਖ੍ਰੀਦ ‘ਤੇ । ਇਸ ਲਈ ਉਹ 80,000 ਡਾਲਰ ਦੀ ਮੰਗ ਕਰੇਗਾ”। ਪਰ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਮਾੜੀ ਗੱਲ ਇਹ ਹੈ ਕਿ ਇਸ ਨੂੰ ਟਰੱਕ ਦੀ ਕੀਮਤ ਨਹੀਂ ਸਮਝਿਆ ਜਾਂਦਾ। ਕੇਵਲ ਇਸ ਕਰਕੇ ਨਹੀਂ ਤੁਹਾਨੂੰ ਇੰਸ਼ੂਰੈਂਸ ਵਾਲ਼ੇ ਇੰਨੇ ਪੈਸੇ ਦੇ ਦੇਣਗੇ ਕਿ ਤੁਸੀਂ ਇੰਨੇ ਖਰਚੇ ਹੋਏ ਹਨ। ਇੰਸ਼ੂਰੈਂਸ ਕੰਪਨੀਆਂ ਵਾਲ਼ੇ ਤੁਹਾਨੂੰ ਇਹ ਹੀ ਕਹਿਣਗੇ ਕਿ ਤੁਸੀਂ ਆਪਣਾ ‘ਹੋਇਆ ਨੁਕਸਾਨ ਸਾਬਤ ਕਰੋ’। ਇਹ ਨਹੀਂ ਕਿ ਹੋਏ ਖਰਚੇ ਦੇ ਬਿੱਲਾਂ ਦੇ 50 ਸਫੇ ਪੇਸ਼ ਕਰਨ ‘ਤੇ ਤੁਹਾਡੀ ਮਿਲਣ ਵਾਲ਼ੀ ਇੰਸ਼ੂਰੈਂਸ ਦੀ ਰਕਮ ‘ਚ ਵਾਧਾ ਹੋ ਜਾਵੇਗਾ। ਉਹ ਬਿੱਲ ਤਾਂ ਇਹ ਹੀ ਸਾਬਤ ਕਰਨਗੇ ਕਿ ਜਿਸ ਤਰ੍ਹਾਂ ਚਾਹੀਦਾ ਤੁਸੀਂ ਉਸ ਤਰ੍ਹਾਂ ਹੀ ਟਰੱਕ ਠੀਕ ਕਰਵਾਇਆ ਹੈ। ਇਹ ਸਾਬਤ ਕਰਨ ਲਈ ਤੁਸੀਂ ਕਾਫੀ ਸਮਾਂ ਬਰਬਾਦ ਕਰ ਸਕਦੇ ਹੋ। ਦੂਜੀ ਗੱਲ ਇਹ ਕਿ ਇਸ ਸਮੇਂ ਦੌਰਾਨ ਤੁਸੀਂ ਕੰਮ ਵੀ ਨਹੀਂ ਕਰਦੇ ਹੁੰਦੇ। ਇਸ ਦੇ ਨਾਲ਼ ਕੰਮ ਨਾ ਕਰਦੇ ਹੋਣ ਕਰਕੇ ਘਰ ਬੈਠਣ ਕਾਰਨ ਹੋਏ ਨੁਕਸਾਨ ਦੀ ਰਕਮ ਜੋੜ ਲਓ। ਇਸ ਤੋਂ ਬਿਨਾ ਕੇਸ ਲੜਨ ਵਾਲ਼ੇ ਵਕੀਲ ਨੂੰ ਦਿੱਤੀ ਜਾਣ ਵਾਲ਼ੀ ਰਕਮ ਵੀ ਹੈ। ਤੁਸੀਂ ਸ਼ਾਇਦ ਇਹ ਵੀ ਸੋਚਦੇ ਹੋਵੋਗੇ ਕਿ ਇੰਸ਼ੂਰੈਂਸ ਵਾਲ਼ਿਆਂ ਵੱਲੋਂ ਦਿੱਤੀ ਪਹਿਲੀ ਪੇਸ਼ਕਸ਼ ਸਵੀਕਾਰ ਕਰ ਲੈਂਦੇ ਤਾਂ ਸ਼ਾਇਦ ਠੀਕ ਰਹਿੰਦਾ। ਅਤੇ ਘਰ ਬੈਠੇ ਰਹਿਣ ਦੀ ਥਾਂ ਹੁਣ ਕੰਮ ਕਰਦੇ ਹੋਣਾ ਸੀ। ਇਹ ਸਭ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਬੰਦਾ ਇਹ ਸੋਚਦਾ ਹੈ।
ਇੱਕ ਆਮ ਇੰਜਣ ਔਸਤਨ 1.2 ਮਿਲੀਅਨ ਕਿਲੋਮੀਟਰ ਤੱਕ ਚੱਲਦਾ ਹੈ। ਜੇ ਤੁਸੀਂ ਕੋਈ ਟਰੱਕ ਖ੍ਰੀਦਦੇ ਹੋ ਜਿਹੜਾ ਇੱਕ ਮਿਲੀਅਨ ਕਿਲੋਮੀਟਰ ਚੱਲ ਚੁੱਕਾ ਹੈ , ਇਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਸ ਟਰੱਕ ‘ਚ ਤੁਹਾਨੂੰ ਨਵਾਂ ਇੰਜਣ ਛੇਤੀਂ ਹੀ ਪਾਉਣਾ ਪੈ ਸਕਦਾ ਹੈ। ਇਸ ‘ਚੋਂ ਵੱਡੀ ਮਾਤਰਾ ‘ਚ ਕਟੌਤੀਆਂ ਕੀਤੀਆਂ ਜਾਂਦੀਆਂ ਹਨ। ਵੱਧ ਪੈਸੇ ਨਾ ਤਾਰੋ। ਅਗਲੀ ਗੱਲ ਤੁਹਾਡੇ ਕੋਲ ਕੋਈ ਭਵਿੱਖੀ ਯੋਜਨਾ ਹੋਣੀ ਚਾਹੀਦੀ ਹੈ। ਉਸ ਟਰੱਕ ਦੀ ਸੰਭਾਵੀ ਮੁਰੰਮਤ ਕਰਾਉਣ ਲਈ ਤੁਹਾਡੇ ਕੋਲ ਲੋੜੀਂਦੀ ਰਕਮ ਵੀ ਹੋਣੀ ਚਾਹੀਦੀ ਹੈ। ਦੂਜਾ ਜਦੋਂ ਤੱਕ ਉਹ ਰੀਬਿਲਡ ਹੰਦਾ ਹੈ ਉੱਨੇ ਸਮੇਂ ਲਈ ਕੁੱਝ ਖਰਚਾ ਪਾਣੀ ਵੀ ਹੋਣਾ ਚਾਹੀਦਾ ਹੈ। ਇਹ ਰਕਮ ਅੰਦਾਜ਼ਨ 30 ਤੋਂ 50,000 ਡਾਲਰ ਤੱਕ ਹੋ ਸਕਦੀ ਹੈ। ਤੁਹਾਨੂੰ ਇਹ ਵੀ ਧਿਆਨ ‘ਚ ਰੱਖਣਾ ਪਵੇਗਾ ਕਿ ਜੇ ਇੰਨਾ ਖਰਚਾ ਹੋਣ ਤੋਂ ਬਾਅਦ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇੰਸ਼ੂਰੈਂਸ ਵਾਲ਼ਿਆਂ ਵੱਲੋਂ ਤੁਹਾਨੂੰ ਖਰਚੀ ਹੋਈ ਰਕਮ ਦੇ ਪੂਰੇ ਪੈਸੇ ਨਹੀਂ ਮਿਲਣਗੇ। ਇਸ ਲਈ ਇਹ ਸਭ ਵਿਚਾਰ ਕਰਕੇ ਫੈਸਲਾ ਤਾਂ ਤੁਸੀਂ ਹੀ ਕਰਨਾ ਹੈ। ਜੋ ਤੁਸੀਂ ਖਰਚਿਆ ਹੈ ਉਸ ਨੂੰ ਪੂਰਾ ਹੋਣ ਲਈ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ ਹੈੇ। ਪਰ ਤੁਸੀਂ ਆਮਦਨ ਪੱਖੋਂ ਘਾਟੇ ‘ਚ ਹੀ ਹੋ। ਕੀ ਇਹ ਹਾਲਾਤ ਠੀਕ ਹਨ? ਟਰੱਕ ਤਾਂ ਤੁਸੀਂ ਚਲਾਉਂਦੇ ਹੋ ਪੈਸਾ ਕਮਾਉਣ ਲਈ ਪਰ ਪੈਸਾ ਕੋਈ ਕਮਾਇਆ ਨਹੀਂ ਜਾ ਰਿਹਾ।

Apply Today

ਕੁੱਝ ਇਸ ਤਰ੍ਹਾਂ ਦੀ ਸਥਿਤੀ ‘ਚ ਆ ਜਾਂਦੇ ਹਨ, ਕਿ ਨੁਕਸਾਨ ਹੋਣ ਕਾਰਨ ਕਿਸੇ ਫਈਨੈਂਸ ਕੰਪਨੀ ਕੋਲ ਜਾਂਦੇ ਹਨ। ਇਸ ਤਰ੍ਹਾਂ ਉਹ ਹੋਰ ਟਰੱਕ ਲੈਣ ਲਈ ਕਰਜ਼ਾ ਲੈਂਦੇ ਹਨ। ਮਿਸਾਲ ਵਜੋਂ ਕਿਸੇ ਟਰੱਕ ‘ਚ ਉਨ੍ਹਾਂ ਦਾ 20,000 ਡਾਲਰ ਦਾ ਨੁਕਸਾਨ ਹੋਇਆ ਅਤੇ ਉਹ ਇਸ ਦੀ ਪੂਰਤੀ ਲਈ ਕਿਸੇ ਫਾਈਨੈਂਸ ਕੰਪਨੀ ਤੋਂ ਕਰਜ਼ਾ ਲੈਂਦੇ ਹਨ। ਉਨ੍ਹਾਂ ਕੋਲ ਨੁਕਸਾਨ ਦੀ ਭਰਪਾਈ ਲਈ ਨਕਦ ਪੈਸੇ ਨਹੀਂ ਹੁੰਦੇ ਇਸ ਲਈ ਉਹ ਫਾਈਨੈਂਸ ਕੰਪਨੀ ਇਸ ਕਰਜ਼ੇ ਨੂੰ ਵੀ ਪਹਿਲੇ ਕਰਜ਼ੇ ‘ਚ ਜੋੜ ਲੈਂਦੀ ਹੈ। ਉਹ ਇਹ ਸਾਰਾ ਪੈਸਾ ਵਿਆਜ ਸਮੇਤ ਵਸੂਲਣਾ ਚਾਹੁੰਦੀ ਹੈ। ਫਿਰ ਇਸ ਤਰ੍ਹਾਂ ਪਹਿਲਾਂ ਹੀ ਕਰਜ਼ੇ ਦਾ ਬੋਝ ਝੱਲ ਰਿਹਾ ਵਿਅਕਤੀ ਹੋਰ ਕਰਜ਼ੇ ਦੀ ਮਾਰ ਹੇਠ ਦੱਬਿਆ ਜਾਂਦਾ ਹੈ। ਇਸ ਤਰ੍ਹਾਂ ਜੋ ਵੀ ਟਰੱਕ ਦੀ ਕੀਮਤ ਹੈ ਉਸ ਤੋਂ ਵੀ ਵੱਧ ਤੁਹਾਨੂੰ ਕਰਜ਼ਾ ਮੋੜਨਾ ਪੈਣਾ ਹੈ। ਇਹ ਇਸ ਤਰ੍ਹਾਂ ਦਾ ਭੈੜਾ ਚੱਕਰ ਹੈ ਕਿ ਇਸ ‘ਚ ਬਹੁਤ ਸਾਰੇ ਟਰੱਕਾਂ ਵਾਲ਼ੇ ਫਸ ਜਾਂਦੇ ਹਨ ਅਤੇ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ ਹੁੰਦਾ। ਜਦੋਂ ਤੁਸੀਂ ਆਪਣੇ ਲਈ ਹੀ ਕੰਮ ਕਰਦੇ ਹੋ ਅਤੇ ਇਸ ਤਰ੍ਹਾਂ ਦੇ ਚੱਕਰ ’ਚ ਫਸ ਜਾਵੋ ਤਾਂ ਤੁਸੀਂ ਹੋਰ ਕਿਸੇ ਦੀ ਥਾਂ ਆਪਣੇ ਆਪ ਨੂੰ ਹੀ ਕਸੂਰਵਾਰ ਸਮਝੋਗੇ।
ਗੱਲ ਅੱਗੇ ਤੋਰੀਏ ਤਾਂ ਟਰੱਕਾਂ ‘ਤੇ ਵਾਧੂ ਖਰਚੇ ਇਸ ਤਰ੍ਹਾਂ ਦੀ ਮੁਸੀਬਤ ਨਹੀਂ ਜਿਹੜੀ ਛੇਤੀਂ ਪਿੱਛਾ ਛੱਡਣ ਵਾਲ਼ੀ ਹੋਵੇ। ਇਸ ਤਰ੍ਹਾਂ ਦੇ ਬਹੁਤ ਲੋਕ ਹਨ ਜੋ ਇਸ ਤਰ੍ਹਾਂ ਦੀ ਮੁਸੀਬਤ ਵੇਲੇ, ਫਸੇ ਟਰੱਕਰ ਦੀ ਥਾਂ ਆਪਣੇ ਹੀ ਫਾਇਦੇ ਬਾਰੇ ਸੋਚਦੇ ਹਨ; ਇਨ੍ਹਾਂ ‘ਚ ਟਰੱਕ ਵੇਚਣ ਵਾਲੇ ਤੋਂ ਲੈ ਕੇ ਮੁਰੰਮਤ ਕਰਨ ਵਾਲ਼ੇ, ਫਾਈਨੈਂਸ ਕੰਪਨੀ ਵਾਲ਼ੇ ਸਭ ਸ਼ਾਮਲ ਹਨ। ਮੈਂ ਸਮਝਦੀ ਹਾਂ ਕਿ ਟਰੱਕਾਂ ਵਾਲ਼ੇ ਮੂਰਖ ਨਹੀਂ ਜੋ ਇਸ ਤਰ੍ਹਾਂ ਦੇ ਹਾਲਾਤ ‘ਚ ਫਸਦੇ ਹਨ ਪਰ ਉਹ ਭੋਲ਼ੇ ਜ਼ਰੂਰ ਹੋ ਸਕਦੇ ਹਨ। ਇੱਕ ਓਨਰ ਆਪਰੇਟਰ ਹੋਣ ਕਰਕੇ ਤੁਸੀਂ ਇੱਕ ਛੋਟਾ ਕਾਰੋਬਾਰ ਹੈ ਜੋ ਆਪ ਚਲਾ ਰਹੇ ਹੋ। ਜੇ ਤੁਹਾਨੂੰ ਇਸ ਸਬੰਧੀ ਜਾਣਕਾਰੀ ਨਹੀਂ, ਤਾਂ ਤੁਸੀਂ ਹੋਰ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਹੀ ਕਸੂਰਵਾਰ ਠਹਿਰਾਅ ਸਕਦੇ ਹੋ।
ਪਾਸ਼ ਬਰਾੜ ਬੀ ਏ – ਪਾਸ਼ ਵੈਨਕੋਵਰ ‘ਚ ਆਟੋ ਵਨ ਗਰੁੱਪ ਲਿਮਟਿਡ ਦੀ ਇੱਕ ਮੋਬਾਈਲ ਲੀਜ਼ਿੰਗ ਪ੍ਰਤੀਨਿਧੀ ਹੈ, ਅਤੇ ਉਹ ਡੇ’ਜ਼ਾਰਡੀਨਜ਼ ਫਾਈਨੈਂਸ਼ਲ ਸਕਿਊਰਿਟੀ ਇੰਡੀਪੈਂਡੈਂਟ ਨੈੱਟਵਰਕ ਨਾਲ਼ ਸਿਹਤ ਅਤੇ ਜੀਵਨ ਬੀਮਾ ਸਲਾਹਕਾਰ ਵਜੋਂ ਕੰਮ ਕਰਦੀ ਹੈ। ਉਸ ਦਾ ਪਿਛੋਕੜ ਬੈਂਕਿੰਗ, ਉਗਰਾਹੀ ਅਤੇ ਅਕਾਊਂਟਿੰਗ ਨਾਲ਼ ਜੁੜਿਆ ਹੋਇਆ ਹੈ। ਉਹ ਅਮਰੀਕਾ ਤੋਂ ਕਨੇਡਾ ‘ਚ ਗੱਡੀਆਂ ਅਤੇ ਟ੍ਰੇਲਰ ਆਯਾਤ ਕਰਨ ‘ਚ ਮੁਹਾਰਤ ਰੱਖਦੀ ਹੈ।

Previous articleMore Than 54k Net Trailer Orders In October; Third Highest Month in History
Next article2020 Blue Sky Award for Innovative Volvo LIGHTS Project