ਸੱਭ ਕੁਝ ਸੰਭਵ ਹੈ। ਅਸੰਭਵਤਾ ਦੀ ਸੋਚ ਪ੍ਰਾਪਤੀਆਂ ਨਹੀਂ ਕਰਦੀ।
ਜਦੋਂ ਕੋਈ ਆਰਟੀਕਲ ਲਿਖਿਆ ਜਾਂਦਾ ਹੈ ਤਾਂ ਲੇਖਕ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਅਜੇਹਾ ਲਿਖਿਆ ਜਾਵੇ ਜੋ ਪੜ੍ਹਨ ਵਾਲੇ ਨੂੰ ਸਾਕਾਰਤਮਕ ਦਿਸ਼ਾ ਦੇਵੇ ਤਾਂ ਕਿ ਉਸਦਾ ਤੇ ਉਸਦੇ ਪਰਿਵਾਰ ਦਾ ਜੀਵਨ ਹੋਰ ਵਧੇਰੇ ਸੁਖਦ ਬਣ ਸਕੇ। ਇਹੋ ਕਾਰਣ ਹੈ ਕਿ ਹਰ ਵਾਰ ਪਿਛਲੇ ਨਾਲੋਂ ਕੁਝ ਨਵਾਂ ਅਤੇ ਵੱਖਰਾ ਲਿਖਿਆ ਜਾਂਦਾ ਹੈ।
ਜਦੋਂ ਨਵੇਂ ਡਰਾਈਵਰਾਂ ਨਾਲ ਜਾਂ ਸੈਕਿੰਡ ਕੈਰੀਅਰ ਡਰਾਈਵਰਾਂ ਨਾਲ ਗੱਲ-ਬਾਤ ਕੀਤੀ ਜਾਂਦੀ ਹੈ ਤਾਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਇਸ ਇੰਡਸਟਰੀ ਬਾਰੇ ਜਾਂ ਇਸ ਇੰਡਸਟਰੀ ਦੀਆਂ ਆਸ਼ਾਵਾਂ ਬਾਰੇ ਜਾਣੂ ਹੋਣਾ ਆਸਾਨ ਕਰ ਦਿੱਤਾ ਜਾਵੇ। ਜੇਕਰ ਇੱਕ ਵਾਰ ਭਰਤੀ ਪਰਕਿਰਿਆ ਦੀ ਸਮਝ ਆ ਜਾਵੇ ਤਾਂ ਪਹਿਲਾਂ ਨਾਲੋਂ ਵਧੇਰੇ ਵਧੀਆਂ ਸੰਭਾਵਨਾਵਾਂ ਲੱਭਣੀਆਂ ਆਸਾਨ ਹੋ ਜਾਂਦੀਆਂ ਹਨ। ਚੰਗੀ, ਸੌਖੀ ਅਤੇ ਪ੍ਰਾਪਤੀਆਂ ਭਰਭੂਰ ਜਾਬ ਲੱਭਣ ਲਈ ਪੰਜ “A” ਤੇ ਅਮਲ ਕਰਨਾ ਜ਼ਰੂਰੀ ਹੋਵੇਗਾ। ਇਹ ਪੰਜ “A” ਕੀ ਹਨ? ਇਹ ਹਨ- Appearance, Aptitude, Attitude, Ability to learn and Ambassadorship. ਇਹ ਸਭ ਆਪਣੇ-ਆਪਣੇ ਕਿੱਤੇ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਛੂਹਣ ਵਿੱਚ ਸਾਹਾਈ ਹੁੰਦੇ ਹਨ।
ਤੁਸੀਂ ਕਹੋਗੇ ਕਿ ਇਸ ਸਭ ਬਾਰੇ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ ਜਾਂ ਮੈ ਇਹ ਸਭ ਕੁਝ ਪਹਿਲੇ ਪੜ੍ਹ ਚੁੱਕਾ ਹਾਂ-ਪਰ ਨਹੀਂ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੈਂ ਅਗੇ ਕੀ ਕਹਿਣ ਜਾਂ ਰਿਹਾ ਹਾਂ। ਆਮ ਲੋਕ ਕੀ ਕਰਦੇ ਹਨ ਜਾ ਕਿਉਂ ਕਰਦੇ ਹਨ ਬਾਰੇ ਸਹੀ ਤੱਥ ਭਰਪੂਰ ਜਾਣਕਾਰੀ ਦੇਣ ਨਾਲ ਹਮੇਸ਼ਾਂ ਉਤਸ਼ਾਹਿਤ ਸਿੱਟੇ ਨਿਕਲਦੇ ਹਨ। ਬਹੁਤੇ ਲੋਕ ਸੀਮਤ ਵਿਸ਼ਵਾਸ਼ ਕਰਨ ਵਾਲੇ ਹੁੰਦੇ ਹਨ। ਉਹ ਅਕਸਰ ਕਹਿ ਦੇਣਗੇ ਕਿ “ਇਹ ਤਾਂ ਮੈਂ ਨਹੀਂ ਕਰ ਸਕਦਾ”। ਸਾਡੇ ਵਿੱਚੋਂ ਬਹੁਤ ਘੱਟ ਲੋਕ ਅਜੇਹਾ ਜੀਵਨ ਜਿਉੂਂਦੇ ਹਨ ਜਿਸ ਲਈ ਉਹ ਬਣੇ ਹਨ। ਬਹੁਤੇ ਤਾਂ ਬਸ ਐਨਾ ਕੁ ਕਰਕੇ ਹੀ ਸੰਤੁਸ਼ਟ ਹਨ ਜਿਸ ਨਾਲ ਉਹਨਾਂ ਦੇ ਬਿੱਲਾਂ ਦਾ ਭੁਗਤਾਨ ਹੋ ਸਕੇ ਅਤੇ ਹੋਰ ਫ਼ੁਟਕਲ ਖਰਚੇ ਪੂਰੇ ਕੀਤੇ ਜਾ ਸਕਣ।
ਆਪਣੇ ਆਲੇ ਦੁਆਲੇ ਝਾਤੀ ਮਾਰੋ। ਸਾਰੇ ਤਾਂ ਨਹੀਂ ਪਰ ਬਹੁਤੇ ਲੋਕ ਆਪਣੀ ਨਿਤਾ ਪ੍ਰਤੀ ਜਾਬ ਤਾਂ ਕਰ ਰਹੇ ਹਨ ਪਰ ਉਸਨੂੰ ਮਾਣ ਨਹੀਂ ਰਹੇ। ਮੇਰਾ ਜੀਵਨ ਪ੍ਰਤੀ ਨਜ਼ਰੀਆ ਬਹੁਤਿਆਂ ਨਾਲੋਂ ਵੱਖਰਾ ਹੈ। ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਸਭ ਕੁਝ ਸੰਭਵ ਹੈ, ਅਸੰਭਵ ਕੁਝ ਵੀ ਨਹੀਂ ਹੈ। ਮੈਂ ਉਹ ਹਰ ਕੋਸ਼ਿਸ਼ ਕੀਤੀ ਹੈ ਜੋ ਮੈਂ ਚਾਹੀ-ਇਹ ਗੱਲ ਵੱਖਰੀ ਹੈ ਕਿ ਮੈਨੂੰ ਲੋੜੀਂਦੇ ਸਿੱਟੇ ਪ੍ਰਾਪਤ ਨਾ ਹੋਏ ਹੋਣ, ਜਿਨ੍ਹਾਂ ਦੀ ਮੈਂ ਕਾਮਨਾ ਕੀਤੀ ਹੋਵੇ ਪਰ ਅਖੀਰ ਮੈਂ ਮੰਜ਼ਿਲ ਤੇ ਪਹੁੰਚਿਆ ਵੀ ਹਾਂ। ਤੁਸੀਂ ਛੋਟੇ ਜਿਹੇ ਬੱਚੇ ਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ ਤੋਰਨ ਦੀ ਕੋਸ਼ਿਸ਼ ਕੀਤੀ, ਅਸਫਲ ਰਹੇ, ਕੋਸ਼ਿਸ਼ ਛੱਡ ਦਿੱਤੀ। ਪਰ ਦੁੂਜੇ ਪਾਸੇ ਉਹੀ ਬੱਚਾ ਉਦੋਂ ਤੱਕ ਕੋਸ਼ਿਸ਼ ਕਰਦਾ ਰਹੇਗਾ ਜਦ ਤੱਕ ਉਹ ਸਫ਼ਲ ਨਹੀਂ ਹੋ ਜਾਂਦਾ। ਸਕਾਟਲੈਂਡ ਦਾ ਰਾਜਾ ਬਰੂਸ ਬਾਰ-ਬਾਰ ਹਾਰ ਕੇ ਦਿਲ ਛੱਡ ਚੁੱਕਾ ਸੀ ਅਤੇ ਨਿਰਾਸ਼ ਹੋ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪਿਆ। ਇੱਕ ਦਿਨ ਉਹ ਕੀ ਦੇਖਦਾ ਹੈ ਕਿ ਇੱਕ ਮਕੜੀ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਲਈ ਬਾਰ ਬਾਰ ਅਸਫਲ ਹੋ ਰਹੀ ਹੈ। ਅਖੀਰ ਸੱਤਵੀਂ ਵਾਰ ਕੋਸ਼ਿਸ਼ ਕਰਨ ਤੇ ਉਹ ਕਾਮਯਾਬ ਹੋ ਗਈ। ਰਾਜਾ ਬਰੂਸ ਨੇ ਸੋਚਿਆ ਕਿ ਜੇ ਕਰ ਮਕੜੀ ਛੇ ਵਾਰ ਅਸਫਲ ਰਹਿ ਕੇ ਸਤਵੀਂ ਵਾਰ ਸਫਲ ਹੋ ਸਕਦੀ ਹੈ ਤਾਂ ਮੈਂ ਕਿਉਂ ਨਹੀਂ। ਉਤਸ਼ਾਹਿਤ ਹੋ ਕੇ ਰਾਜਾ ਬਰੂਸ ਆਪਣੀ ਛੁਪਣ-ਗਾਰ ਤੋਂ ਬਾਹਰ ਆਇਆ, ਫੌਜ ਇੱਕਠੀ ਕੀਤੀ ਅਤੇ ਅੰਗਰੇਜ਼ਾਂ ਤੋਂ ਆਪਣਾ ਰਾਜ ਵਾਪਸ ਜਿੱਤਣ ਵਿੱਚ ਕਾਮਯਾਬ ਹੋ ਗਿਆ।
ਇਹ ਸਬਕ ਸਾਡੇ ਸਭ ਲਈ ਹੈ। ਮੰਜ਼ਿਲ ਮਿੱਥ ਕੇ ਚੱਲੋਂ, ਸਫ਼ਲਤਾ ਇੱਕ ਨਾ ਇੱਕ ਦਿਨ ਤੁਹਾਡੇ ਪੈਰ ਚੁੰਮੇਗੀ। ਲੜਖੜਾਉਣ ਜਾਂ ਡਿੱਗਣ ਦੀ ਚਿੰਤਾ ਨਾ ਕਰੋ। ਉੱਠੋ, ਕਪੜਿਆਂ ਤੋ ਮਿੱਟੀ ਝਾੜੋ ਅਤੇ ਫਿਰ ਚਲ ਪਵੋ। ਜੇਕਰ ਤੁਸੀਂ ਪੰਜ “A” ਦੀ ਪਾਲਣਾ ਕਰੋਗੇ ਤਾਂ ਮੰਜ਼ਿਲ ਦੁੂਰ ਨਹੀਂ ਰਹੇਗੀ। ਇੱਛਾ ਤੋਂ ਬਿਨਾਂ ਦਿਸ਼ਾ ਨਹੀਂ ਮਿਲਦੀ। ਸਾਡੀ ਇੰਡਸਟਰੀ ਵਿੱਚ ਹੀ ਹਜ਼ਾਰਾਂ ਕੰਮ ਧੰਦੇ ਹਨ ਜਿਨ੍ਹਾਂ ਨੂੰ ਤੁਸੀਂ ਮਾਣ ਸਕਦੇ ਹੋ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਤੁਹਾਡਾ ਕੋਈ ਟੀਚਾ ਹੋਵੇ, ਇੱਛਾ ਸ਼ਕਤੀ ਹੋਵੇ ਅਤੇ ਤੁਸੀਂ ਪੰਜ “A” ਦੀ ਪਾਲਣਾ ਕਰ ਰਹੇ ਹੋਵੋ। ਹਰ “A” ਦੀ ਬਰਾਬਰ ਮਹੱਤਾ ਹੈ। ਕਿਸੇ ਇੱਕ ਨੂੰ ਵੀ ਅਣਗੌਲਿਆਂ ਕਰਕੇ ਤੁਸੀਂ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਮੇਰੇ ਮਨ ਵਿੱਚ ਉਹਨਾਂ ਸੱਭ ਦਾ ਬਹੁਤ ਸਤਿਕਾਰ ਹੈ, ਜੋ ਜੀਵਨ ਪੰਧ ਲੰਘਾਉਣਾ ਨਹੀਂ ਸਗੋਂ ਉਸਨੂੰ ਸਫਲ ਤੇ ਸੁੱਚਜਾ ਬਣਾਉਣਾ ਲੋਚਦੇ ਹਨ।