6.4 C
Vancouver
Wednesday, January 15, 2025

ਹੁਣ ਮਸਤ-ਮਸਤ ਗਰਲ ਰਵੀਨਾ ਟੰਡਨ ਨੇ ਵੀ ਮੁੜ ਫਿਲਮਾਂ ਵੱਲ ਰੁਖ਼ ਕੀਤਾ

ਜੀ ਹਾਂ, ਵਿਆਹ ਕਰਕੇ ਅਚਾਨਕ ਬਾਲੀਵੁੱਡ ਤੋਂ ਦੂਰੀ ਬਣਾ ਲੈਣ ਵਾਲੀਆਂ ਚਰਚਿਤ  ਅਭਿਨੇਤਰੀਆਂ ਦਾ ਫਿਲਮ ਨਗਰੀ ਤੋਂ ਮੋਹ ਵਿਆਹ ਤੋਂ ਬਾਅਦ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਅਤੇ ਵਧੇਰੇ ਅਜਿਹੀਆਂ ਅਭਿਨੇਤਰੀਆਂ ਵਿਆਹ ਦੇ ਕੁਝ ਸਮੇਂ ਬਾਅਦ ਫਿਲਮ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਹੀ ਦਿੰਦੀਆਂ ਹਨ। ਇਸੇ ਕੜੀ ਵਿਚ ਕਾਜਲ ਦੇਵਗਨ, ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਨੇਨੇ ਅਤੇ ਸ਼੍ਰੀਦੇਵੀ ਤੋਂ ਬਾਅਦ ਹੁਣ ਮਸਤ-ਮਸਤ ਗਰਲ ਰਵੀਨਾ ਟੰਡਨ ਨੇ ਵੀ ਮੁੜ ਫਿਲਮਾਂ ਵੱਲ ਰੁਖ਼ ਕੀਤਾ ਹੈ। ਫਰਕ ਇੰਨਾ ਹੈ ਕਿ ਰਵੀਨਾ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਬਾਲੀਵੁੱਡ ਤੋਂ ਨਾ ਕਰਕੇ ਬੰਗਲਾ ਫਿਲਮ ਨਾਲ ਕਰ ਰਹੀ ਹੈ।  ਹੁਣ ਇਹ ਗੱਲ ਹੈਰਾਨ ਕਰ ਦੇਣ ਵਾਲੀ ਤਾਂ ਹੈ ਕਿ ਵਿਆਹ ਤੋਂ ਪਹਿਲਾਂ ਬਾਲੀਵੁੱਡ ਵਿਚ ਕਈ ਹਿੱਟ ਫਿਲਮਾਂ ਆਪਣੇ ਨਾਂ ਕਰਾ ਚੁੱਕੀ ਰਵੀਨਾ ਫਿਲਮਾਂ ਦੀ ਆਪਣੀ ਦੂਸਰੀ ਪਾਰੀ ਬਾਲੀਵੁੱਡ ਤੋਂ ਸ਼ੁਰੂ ਨਾ ਕਰਕੇ ਬੰਗਲਾ ਫਿਲਮਾਂ ਤੋਂ ਕਿਉਂ ਸ਼ੁਰੂ ਕਰ ਰਹੀ ਹੈ? ਖੈਰ, ਕਾਰਨ ਚਾਹੇ ਜੋ ਵੀ ਹੋਵੇ, ਤੁਹਾਨੂੰ ਦੱਸ ਦੇਈਏ ਕਿ ਰਵੀਨਾ ਨੇ ਜੋ ਬੰਗਲਾ ਫਿਲਮ ਸਾਈਨ ਕੀਤੀ ਹੈ, ਉਹ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਇਕ ਕਿਤਾਬ ‘ਤੇ ਬਣ ਰਹੀ ਹੈ, ਜਿਸ ਦਾ ਟਾਈਟਲ ਰੱਖਿਆ ਗਿਆ ਹੈ ‘ਲੈਬੋਰੇਟਰੀ’। ਰਵੀਨਾ ਇਸ ਫਿਲਮ ਵਿਚ ਅਜਿਹੀ ਪੰਜਾਬੀ ਮੁਟਿਆਰ ਦੀ ਭੂਮਿਕਾ ਨਿਭਾਅ ਰਹੀ ਹੈ, ਜਿਸ ਦਾ ਵਿਆਹ ਇਕ ਬੰਗਾਲੀ ਵਿਗਿਆਨਕ ਨਾਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਰਵੀਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਫਿਲਹਾਲ ਦੇਖਣਾ ਇਹ ਹੈ ਕਿ ਰਵੀਨਾ ਦਾ ਬੰਗਲਾ ਫਿਲਮ ਨਾਲ ਆਪਣੀ ਦੂਸਰੀ ਪਾਰੀ ਦਾ ਸ਼੍ਰੀਗਣੇਸ਼ ਕਰਨ ਦਾ ਫੈਸਲਾ ਉਸ ਨੂੰ ਕਿੰਨਾ ਫਾਇਦਾ ਪਹੁੰਚਾਉਂਦਾ ਹੈ।