ਬੀ.ਸੀ. ‘ਚ ਇੱਕ ਹੋਰ ਟਰੱਕ ਮੈਸੀ ਸੁਰੰਗ ਨਾਲ ਟਕਰਾਇਆ

ਮੂਲ ਲੇਖਕ: ਜੈਗ ਢੱਟ

ਗ੍ਰੇਟਰ ਵੈਨਕੂਵਰ ਖੇਤਰੀ ਜ਼ਿਲ੍ਹੇ ਦੇ ਬਹੁਤ ਸਾਰੇ ਲੋਕ ਇੱਕ ਵਾਰ ਫਿਰ ਬੇਵਸੀ ਵਰਗੇ ਹਾਲਾਤ ਦੀ ਦੁਬਿਧਾ ‘ਚ ਪਏ ਹੋਏ ਹਨ। 10 ਜਨਵਰੀ ਨੂੰ ਇੱਕ ਟਰੱਕ, ਰਿਚਮੰਡ ਬੀ. ਸੀ ਦੀ ਮੈਸੀ ਸੁਰੰਗ ਵਿੱਚ ਦਾਖਲ ਹੋਇਆ ਅਤੇ ਟਰੱਕ ਦੇ ਪਿੱਛੇ ਗੱਡੀ ‘ਚ ਆ ਰਹੀ ਡ੍ਰਾਈਵਰ ਦੀ ਗੱਡੀ ‘ਚ ਲੱਗੇੇ ਡੈਸ਼ ਕੈਮ ‘ਚ ਉਸ ਟਰੱਕ ਦੀਆਂ ਸਾਰੀਆਂ ਗਤੀਵਿਧੀਆਂ ਰਿਕਾਰਡ ਹੋ ਰਹੀਆਂ ਸਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਤ 8 ਵਜੇ ਤੋਂ ਬਾਅਦ ਉਸ ਨੇ ਟਰੱਕ ਦੇ ਸਿਖਰ ਨੂੰ ਸੁਰੰਗ ਦੀ ਛੱਤ ਨਾਲ ਟਕਰਾਉਂਦੇ ਦੇਖਿਆ ਅਤੇ ਇਸ ਕਾਰਨ ਚੰਗਿਆੜੀਆਂ ਉੱਡ ਰਹੀਆਂ ਸਨ। ਡੈਸ਼ ਕੈਮ ਵੀਡੀਓ ਵਿਚ ਟਰੱਕ ਛੱਤ ਨਾਲ ਟਕਰਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਉੱਚੀਆਂ ਅਵਾਜ਼ਾਂ ਤੇ ਟਕਰਾਉੇਣ ਦੇ ਜ਼ੋਰਦਾਰ ਖੜਾਕੇ ਵੀ ਸੁਣੇ ਜਾ ਸਕਦੇ ਸਨ।

ਡ੍ਰਾਈਵਰ ਨੇ ਪਹਿਲਾਂ ਟਰੱਕ ਰੋਕਿਆ ਪਰ ਫਿਰ ਸੁਰੰਗ ਤੋਂ ਬਾਹਰ ਨਿੱਕਲਣ ਤੱਕ ਟਰੱਕ ਚਲਾਉਣਾ ਜਾਰੀ ਰੱਖਿਆ। ਉਸ ਸਮੇਂ ਤੋਂ ਬਾਅਦ, ਟਰੱਕ ਡ੍ਰਾਈਵਰ ਨੇ ਸੜਕ ਦੀ ਦੇਖਭਾਲ ਕਰਨ ਵਾਲੇ ਇੱਕ ਠੇਕੇਦਾਰ ਨਾਲ ਗੱਲ ਵੀ ਕੀਤੀ।

ਪੁਲਿਸ ਨੇ ਕਿਹਾ ਕਿ ਹਾਲਾਂਕਿ ਸੁਰੰਗ ਨੂੰ ਕੋਈ ਵੱਡਾ ਨੁਕਸਾਨ ਹੋਣ ਦੇ ਸੰਕੇਤ ਨਹੀ ਦਿਸ ਰਹੇ ਹਨ, ਪਰ ਫਿਰ ਵੀ ਉਹ ਹਾਦਸੇ ਦੀ ਸਰਗਰਮੀ ਨਾਲ ਅਜੇ ਵੀ ਜਾਂਚ ਕਰ ਰਹੇ ਹਨ। ਬੀ ਸੀ ਆਵਾਜਾਈ ਮੰਤਰਾਲੇ ਨੇ ਇਹ ਜਾਣਕਾਰੀ ਨਸ਼ਰ ਕੀਤੀ ਸੀ ਕਿ ਜਾਂਚ ਪੂਰੀ ਹੋਣ ਤੱਕ TSD Holdings ਫਲੀਟ ਦੇ ਸਾਰੇੇ 20 ਟਰੱਕਾਂ ਨੂੰ ਹੀ ਗਰਾਊਂਡ ਕਰ ਦਿੱਤਾ ਗਿਆ ਹੈ।

ਟਰੱਕ ਡ੍ਰਾਈਵਰਾਂ ਨੂੰ ਉਚਿਤ ਸਿਖਲਾਈ ਦੇਣ ਦੀ ਜ਼ੁੰਮੇਵਾਰੀ ਉਸ ਕੰਪਨੀ ‘ਤੇ ਆਉਂਦੀ ਹੈ ਜਿਸ ਲਈ ਉਹ ਕੰਮ ਕਰਦੇ ਹਨ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ, ਕਿਸੇ ਵੀ ਡਰਾਈਵ ਰੂਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅੰਤਿਮ ਜ਼ੁੰਮੇਵਾਰੀ ਡ੍ਰਾਈਵਰ ਦੀ ਹੀ ਹੁੰਦੀ ਹੈ। ਬਿੱਗ ਰਿੱਗ ਡਰਾਈਵਿੰਗ ਸਕੂਲ ਦੇ ਪ੍ਰਧਾਨ ਹੈਰੀ ਬਾਛਲ ਦਾ ਮੰਨਣਾ ਹੈ ਕਿ ਵੱਧ ਤੋਂ ਵੱਧ ਅਤੇ ਬਿਹਤਰ ਸਿਖਲਾਈ ਟਰੱਕਾਂ ਦੇ ਓਵਰਪਾਸਾਂ ਨਾਲ ਟਕਰਾਉਣ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਸਹਾਇਤਾ ਕਰੇਗੀ। ਇਸ ਤੋਂ ਇਲਾਵਾ, ਓਵਰਸਾਈਜ਼ ਲੋਡ ਨੂੰ ਲਿਜਾਣ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕੰਪਨੀ ਅਤੇ ਡ੍ਰਾਈਵਰ ਦੋਵਾਂ ਨੂੰ ਹੀ, ਹੋਰ ਵੀ ਵਧੇਰੇ ਸਿਖਲਾਈ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਦੇ ਗਗਨ ਸਿੰਘ ਦਾ ਮੰਨਣਾ ਹੈ ਕਿ ਬਹੁਤ ਸਾਰੇ ਟਰੱਕ ਡ੍ਰਾਈਵਰਾਂ ਕੋਲ ਆਪਣੇ ਭਾਰ ਦੀ ਉਚਾਈ ਮਾਪਣ ਲਈ ਸਹੀ ਸਾਧਨ ਨਹੀਂ ਹੁੰਦੇ। ਸਿੰਘ ਨੇ ਕਿਹਾ ਕਿ ਉਹ ਬੀ ਸੀ ਟਰਾਂਸਪੋਰਟ ਮੰਤਰਾਲੇ ਨੂੰ ਇੱਕ ਪੱਤਰ ਲਿਖਣਗੇ ਜਿਸ ‘ਚ ਉਹ ਓਵਰਸਾਈਜ਼ ਲੋਡ ਨੂੰ ਸੰਭਾਲਣ ਵਾਲੇ ਡ੍ਰਾਈਵਰਾਂ ਲਈ ਵਧੇਰੇ ਸਹਾਇਤਾ ਦੀ ਮੰਗ ਕਰਨ ਦੀ ਬੇਨਤੀ ਕਰਨਗੇ।

ਪਰ ਹੋਰ ਮਾਹਿਰਾਂ ਵੱਲੋਂ ਟਰੱਕ ਉਦਯੋਗ ‘ਚ ਹੁਨਰਮੰਦ ਡ੍ਰਾਈਵਰਾਂ ਦੀ ਘਾਟ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ। ਹੁਨਰਮੰਦ ਡਰਾਈਵਰਾਂ ਦੀ ਘਾਟ ਦੇ ਨਾਲ, ਬਹੁਤ ਸਾਰੀਆਂ ਕੰਪਨੀਆਂ, ਭਾਰ ਢੋਣ ਲਈ ਗੈਰ-ਤਜ਼ਰਬੇਕਾਰ ਅਤੇ / ਜਾਂ ਹਾਲ ਹੀ ਵਿੱਚ ਲਾਇਸੰਸ ਲੈਣ ਵਾਲੇ ਡ੍ਰਾਈਵਰਾਂ ਦੀ ਨਿਯੁਕਤੀ ਕਰ ਰਹੀਆਂ ਹਨ। ਇਨ੍ਹਾਂ ਡ੍ਰਾਈਵਰਾਂ ਵੱਲੋਂ ਲਿਜਾਏ ਜਾਣ ਵਾਲ਼ੇ ਲੋਡਾਂ ‘ਚ, ਕੁੱਝ ਲੋਡ ਓਵਰਸਾਈਜ਼ ਵੀ ਹੋ ਸਕਦੇ ਹਨ।
ਹਾਲਾਂਕਿ ਬੀ ਸੀ ਆਵਾਜਾਈ ਮੰਤਰਾਲੇ ਨੇ ਅਜਿਹੀਆਂ ਉਲੰਘਣਾਵਾਂ ਕਰਨ ਵਾਲੇ ਲੋਕਾਂ ਲਈ ਜ਼ੁੁਰਮਾਨੇ ਦੀ ਰਕਮ ਵਧਾਈ ਵੀ ਗਈ ਹੈ, ਪਰ ਜਨਤਾ ਅਜੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ ਅਤੇ ਚਿੰਤਾ ‘ਚ ਹੈ ਕਿ ਕੋਈ ਹੋਰ ਟਰੱਕ ਓਵਰਪਾਸ ਨਾਲ ਨਾ ਟਕਰਾਅ ਜਾਵੇ।

Previous articleAccidents Happen. But Now What?
Next articleਚੇਨਾ ਪਾਕੇ ਗੱਡੀ ਚਲਾਉਣਾ