15.2 C
Vancouver
Sunday, June 23, 2024

ਕੀ ਤੁਹਾਡੇ ਪੈਰਾਂ ‘ਚ ਦਰਦ ਰਹਿੰਦਾ ਹੈ ?

ਕੀ ਤੁਹਾਡੇ ਪੈਰਾਂ ‘ਚ ਦਰਦ ਰਹਿੰਦਾ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ? ਕੀ ਤੁਹਾਡੇ ਪੈਰ ਠੰਡੇ ਰਹਿੰਦੇ ਹਨ ਅਤੇ ਪੈਰਾਂ ‘ਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ? ਤਾਂ ਤੁਹਾਨੂੰ ਬਲੱਡ ਸਰਕਲ ਦੀ ਬੀਮਾਰੀ ਭਾਵ ਪੀ. ਵੀ. ਡੀ. ਹੋ ਸਕਦੀ ਹੈ। ਅਜੇ ਤੱਕ ਇਹ ਮੰਨਿਆ ਜਾਂਦਾ ਸੀ ਕਿ ਖੂਨ ਲਿਜਾਣ ਵਾਲੀਆਂ ਨਾੜੀਆਂ ‘ਚ ਕਿਸੇ ਵੀ ਕਿਸਮ ਦੀ ਖਰਾਬੀ ਜਾਂ ਰੁਕਾਵਟ ਦਿਲ ਨੂੰ ਕਮਜ਼ੋਰ ਕਰਨ ਦੇ ਨਾਲ ਹੀ ਦੌਰੇ ਜਾਂ ਦਿਲ ਦੇ ਦੌਰੇ ਦਾ ਵੀ ਕਾਰਨ ਬਣਦੀ ਹੈ ਪਰ ਇਸ ਕਿਸਮ ਦਾ ਦੌਰਾ ਸਿਰਫ ਦਿਲ ਨੂੰ ਹੀ ਨਹੀਂ, ਸਗੋਂ ਪੈਰਾਂ ਨੂੰ ਵੀ ਪੈਂਦਾ ਹੈ। ਪੈਰਾਂ ਨੂੰ ਵੀ ਦਿਲ ਵਾਂਗ ਹੀ ਐਂਜੀਓਪਲਾਸਟੀ ਅਤੇ ਬਾਈਪਾਸ ਸਰਜਰੀ ਦੀ ਲੋੜ ਹੁੰਦੀ ਹੈ।
ਕਈ ਵਾਰ ਕੋਈ ਕੰਮ ਕਰਨ ਵੇਲੇ ਪੈਰ ‘ਚ ਭਿਆਨਕ ਦਰਦ ਹੋਣ ਲੱਗਦਾ ਹੈ ਅਤੇ ਪੈਰ ਸੁੰਨ ਜਿਹਾ ਹੋ ਜਾਂਦਾ ਹੈ। ਅਜਿਹੀ ਸਥਿਤੀ ਖਤਰਨਾਕ ਹੁੰਦੀ ਹੈ। ਜੇਕਰ ਇਸ ਤਰ੍ਹਾਂ ਕੁਝ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਪੈਰ ਦੀ ਕੋਈ ਨਾੜੀ ਕੰਮ ਨਹੀਂ ਕਰ ਰਹੀ ਅਤੇ ਇਸ ਕਾਰਨ ਦਿਮਾਗ ਤੱਕ ਸਹੀ ਸੰਦੇਸ਼ ਨਹੀਂ ਪਹੁੰਚ ਰਿਹਾ। ਜੇਕਰ ਬੰਦ ਨਾੜੀ ਦਾ ਸਹੀ ਇਲਾਜ ਨਾ ਕੀਤਾ ਜਾਏ ਤਾਂ ਪੈਰ ‘ਚ ‘ਲੈੱਗ ਅਟੈਕ’ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਹੌਲੀ-ਹੌਲੀ ਪੂਰਾ ਪੈਰ ਕਾਲਾ ਪੈ ਕੇ ਗੈਂਗਰੀਨ ਬੀਮਾਰੀ ਤੋਂ ਪੀੜਤ ਹੋ ਜਾਂਦਾ ਹੈ। ਇਸ ਬੀਮਾਰੀ ਕਾਰਨ ਪੈਰ ਕੱਟਣ ਦੀ ਵੀ ਨੌਬਤ ਆ ਜਾਂਦੀ ਹੈ।
ਆਧੁਨਿਕ ਜਾਂਚ ਪ੍ਰਣਾਲੀਆਂ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੀ ਸਥਿਤੀ ਦਾ ਪਹਿਲਾਂ ਅੰਦਾਜ਼ਾ ਲਗਾ ਕੇ ਪੈਰਾਂ ਨੂੰ ਬਚਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਹਾਰਟ ਅਟੈਕ ਦੀ ਪੁਸ਼ਟੀ ਐਂਜੀਓਗ੍ਰਾਫੀ ਨਾਲ ਹੁੰਦੀ ਹੈ, ਉਸੇ ਤਰ੍ਹਾਂ ਲੈੱਗ ਅਟੈਕ ਦਾ ਪਤਾ ਵੀ ਐਂਜੀਓਗ੍ਰਾਫੀ ਨਾਲ ਲਗਾਇਆ ਜਾ ਸਕਦਾ ਹੈ। ਫਿਰ ਲੋੜ ਮੁਤਾਬਿਕ ਐਂਜੀਓਪਲਾਸਟੀ ਜਾਂ ਫਿਰ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ।Œਕਦੇ-ਕਦੇ ਗਰਭ ਅਵਸਥਾ ਕਾਰਨ ਜਾਂ ਫਿਰ ਮੋਟਾਪੇ ਕਾਰਨ ਲੋਕਾਂ, ਖਾਸ ਕਰ ਔਰਤਾਂ ਦੇ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ਮੋਟੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ‘ਚ ਸੋਜ ਪੈਦਾ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਵੈਰੀਕੋਜ਼ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਕਾਰਨ ਪੀੜਤਾਂ ਦਾ ਤੁਰਨਾ-ਫਿਰਨਾ ਅਤੇ ਖੜ੍ਹੇ ਹੋਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਰੁਟੀਨ ਦੇ ਕੰਮਾਂ ‘ਤੇ ਬੁਰਾ ਅਸਰ ਪੈਣ ਲੱਗਦਾ ਹੈ। ਕਈ ਲੋਕ ਇਸ ਸਮੱਸਿਆ ਨੂੰ ਕਾਸਮੈਟਿਕ ਸਮੱਸਿਆ ਸਮਝਣ ਲੱਗਦੇ ਹਨ ਅਤੇ ਇਸ ਦੀ ਜਾਂਚ ਕਰਵਾਉਣ ‘ਚ ਦੇਰ ਕਰਦੇ ਰਹਿੰਦੇ ਹਨ।
ਕਈ ਵਾਰ ਇਨ੍ਹਾਂ ਧਮਨੀਆਂ ‘ਚ ਭਿਆਨਕ ਖਾਰਸ਼ ਹੋਣ ਲੱਗਦੀ ਹੈ ਅਤੇ ਵਧੇਰੇ ਖਾਰਸ਼ ਕਰਨ ਕਾਰਨ ਇਥੇ ਜ਼ਖਮ ਜਾਂ ਅਲਸਰ ਬਣ ਜਾਂਦਾ ਹੈ। ਵੈਰੀਕੋਜ਼ ਵੇਨ ਖੂਨ ਦੀਆਂ ਉਹ ਨਾੜੀਆਂ ਹੁੰਦੀਆਂ ਹਨ, ਜੋ ਮੋਟੀਆਂ ਹੋ ਕੇ ਫੈਲ ਜਾਂਦੀਆਂ ਹਨ। ਖਾਸ ਕਰ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ‘ਚ ਇਹ ਸਮੱਸਿਆ ਦੇਖੀ ਜਾਂਦੀ ਹੈ। ਜ਼ਿਆਦਾਤਰ ਇਹ ਪੈਰ ਦੇ ਪਿਛਲੇ ਹਿੱਸੇ ‘ਚ ਨਜ਼ਰ ਆਉਂਦਾ ਹੈ। 50 ਸਾਲ ਤੋਂ ਵਧੇਰੀ ਉਮਰ ਵਾਲੇ ਦੋ ਵਿਅਕਤੀਆਂ ‘ਚੋਂ ਇਕ ‘ਚ ਤਾਂ ਇਹ ਜ਼ਰੂਰ ਦੇਖਿਆ ਜਾਂਦਾ ਹੈ।
ਅਸਲ ‘ਚ ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਡੀਆਂ ਖੂਨ ਦੀਆਂ ਧਮਨੀਆਂ ‘ਚ ਵਾਲਵ ਮੌਜੂਦ ਹੁੰਦੇ ਹਨ, ਜੋ ਕਿ ਖੂਨ ਨੂੰ ਉਲਟੀ ਦਿਸ਼ਾ ‘ਚ ਪ੍ਰਵਾਹਿਤ ਹੋਣ ਤੋਂ ਰੋਕਦੇ ਹਨ। ਪੈਰਾਂ ਦੀਆਂ ਮਾਸਪੇਸ਼ੀਆਂ ਗੁਰੂਤਾ ਆਕਰਸ਼ਣ ਦੇ ਅਸਰ ਨੂੰ ਘੱਟ ਕਰਨ ਲਈ ਧਮਨੀਆਂ ਨੂੰ ਪੰਪ ਕਰਦੀਆਂ ਹਨ ਤਾਂ ਕਿ ਪੈਰਾਂ ਤੋਂ ਖੂਨ ਦਿਲ ਤੱਕ ਪਹੁੰਚਦਾ ਰਹੇ ਅਤੇ ਉਲਟ ਦਿਸ਼ਾ ‘ਚ ਪ੍ਰਵਾਹਿਤ ਨਾ ਹੋ ਸਕੇ ਪਰ ਜਦੋਂ ਇਹ ਧਮਨੀਆਂ ਵੈਰੀਕੋਜ਼ ਹੋ ਜਾਂਦੀਆਂ ਹਨ ਤਾਂ ਵਾਲਵ ਸਹੀ ਢੰਗ ਨਾਲ ਕੰਮ ਨਹੀਂ ਕਰ ਸਕਦੇ ਅਤੇ ਖੂਨ ਦਾ ਪ੍ਰਵਾਹ ਉਲਟ ਦਿਸ਼ਾ ‘ਚ ਵਧੇਰੇ ਹੋਣ ਲੱਗਦਾ ਹੈ। ਨਤੀਜੇ ਵਜੋਂ ਇਹ ਧਮਨੀਆਂ ਫੈਲਣ ਲੱਗਦੀਆਂ ਹਨ ਅਤੇ ਦੇਖਣ ‘ਚ ਪੈਰਾਂ ਦੀਆਂ ਧਮਨੀਆਂ ਅਜੀਬ ਜਿਹੀਆਂ ਸੁੱਜੀਆਂ-ਫੁੱਲੀਆਂ ਨਜ਼ਰ ਆਉਂਦੀਆਂ ਹਨ।
ਇਲਾਜ
ਜੁਰਾਬਾਂ ਪਹਿਨਣਾ : ਇਸ ਸਮੱਸਿਆ ਤੋਂ ਛੁਟਕਾਰੇ ਲਈ ਖਾਸ ਤੌਰ ‘ਤੇ ਕੁਝ ਜੁਰਾਬਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੀਆਂ ਹਨ। ਇਹ ਪੈਰਾਂ ‘ਚ ਖੂਨ ਦੇ ਸੰਚਾਰ ਦੇ ਕ੍ਰਮ ਨੂੰ ਸਹੀ ਕਰਦੀਆਂ ਹਨ। ਇਸ ਨਾਲ ਦਰਦ ਵੀ ਘੱਟ ਹੁੰਦਾ ਹੈ।
ਦਵਾਈਆਂ : ਦਰਦ ਤੋਂ ਛੁਟਕਾਰੇ ਲਈ ਦਵਾਈਆਂ ਲੈਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਦੇ ਬੁਰੇ ਅਸਰ ਵੀ ਹੁੰਦੇ ਹਨ।
ਕਸਰਤ : ਕਸਰਤ ਕਰਨ ਨਾਲ ਵੀ ਕੁਝ ਹੱਦ ਤੱਕ ਆਰਾਮ ਮਹਿਸੂਸ ਕੀਤਾ ਜਾ ਸਕਦਾ ਹੈ। ਸਲਾਹ ਦਿੱਤੀ ਜਾਂਦੀ ਹੈ ਕਿ ਪੀੜਤ ਵਿਅਕਤੀ ਬੈਠਣ ਵੇਲੇ ਪੈਰਾਂ ਨੂੰ ਸਿੱਧੇ ਖਿੱਚੇ ਅਤੇ ਕਸਰਤ ਕਰੇ।
ਸਰਜਰੀ : ਸਰਜਰੀ ਦੌਰਾਨ ਧਮਨੀਆਂ ਦੇ ਵਾਧੂ ਫੈਲਾਅ ਨੂੰ ਕੱਟ ਕੇ ਹਟਾਇਆ ਜਾਂਦਾ ਹੈŒਪਰ ਇਸ ਦੇ ਕਈ ਬੁਰੇ ਅਸਰ ਵੀ ਹੁੰਦੇ ਹਨ। ਜਿਵੇਂ ਜ਼ਖਮ ਬਣਨਾ, ਨਿਸ਼ਾਨ ਪੈਣਾ, ਖੂਨ ਰਿਸਣਾ, ਇਨਫੈਕਸ਼ਨ ਆਦਿ। ਇਸ ਦੇ ਦੁਬਾਰਾ ਪੈਦਾ ਹੋਣ ਦੇ ਵੀ ਪੂਰੇ ਆਸਾਰ ਹੁੰਦੇ ਹਨ।
ਰੇਡੀਓਫ੍ਰੀਕਵੈਂਸੀ ਐਬਲੇਸ਼ਨ : ਹੁਣ ਰੇਡੀਓਫ੍ਰੀਕਵੈਂਸੀ ਐਬਲੇਸ਼ਨ ਦੀ ਮਦਦ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਇਕ ਸਰਜਰੀ ਪ੍ਰਕਿਰਿਆ ਹੁੰਦੀ ਹੈ। ਇਸ ‘ਚ ਲੇਜ਼ਰ ਜਾਂ ਰੇਡੀਓਫ੍ਰੀਕਵੈਂਸੀ ਦੀ ਮਦਦ ਨਾਲ ਪ੍ਰਭਾਵਿਤ ਧਮਨੀਆਂ ਤੱਕ ਕਿਰਨਾਂ ਪਾਈਆਂ ਜਾਂਦੀਆਂ ਹਨ, ਜਿਸ ਨਾਲ ਉਹ ਸਹੀ ਦਿਸ਼ਾ ‘ਚ ਖੂਨ ਸੰਚਾਰ ਕਰਨ ਲੱਗਦੀਆਂ ਹਨ। ਇਸ ‘ਚ ਇਕ ਸੂਖਮ ਛੇਕ ਰਾਹੀਂ ਨਸਾਂ ‘ਚ ਪਤਲੀ ਨਲੀ ਪਾ ਕੇ ਇਲਾਜ ਕੀਤਾ ਜਾਂਦਾ ਹੈ। ਇਸ ਤਕਨੀਕ ‘ਚ ਇੰਟਰਵੈਂਸ਼ਨਲ ਰੇਡੀਓਲਾਜਿਸਟ ਚਮੜੀ ‘ਤੇ ਇਕ ਸੂਖਮ ਛੇਕ ਰਾਹੀਂ ਗੋਡੇ ਦੇ ਉੱਪਰ ਜਾਂ ਹੇਠਲੀਆਂ ਨਸਾਂ ‘ਚ ਪਤਲੀ ਨਲੀ ਪਾਉਂਦਾ ਹੈ। ਇਸ ਨਲੀ ਦੇ ਉੱਪਰਲੇ ਹਿੱਸੇ ‘ਚ ਇਲੈਕਟ੍ਰੋਡ ਹੁੰਦੇ ਹਨ, ਜੋ ਨਸਾਂ ਦੀਆਂ ਕੋਸ਼ਿਕਾਵਾਂ ਨੂੰ ਗਰਮ ਕਰਦੇ ਹਨ। ਇਸ ਨਾਲ ਮੋਟੀਆਂ ਨਸਾਂ ਸੁੱਕ ਜਾਂਦੀਆਂ ਹਨ ਅਤੇ ਵੈਰੀਕੋਜ਼ ਵੇਨ ਹੌਲੀ-ਹੌਲੀ ਠੀਕ ਹੋ ਜਾਂਦੀਆਂ ਹਨ।
ਇਸ ਪ੍ਰਕਿਰਿਆ ਦੇ ਲਾਭ : ਪੈਰਾਂ ‘ਚ ਆਪ੍ਰੇਸ਼ਨ ਦਾ ਕੋਈ ਨਿਸ਼ਾਨ ਨਹੀਂ ਪੈਂਦਾ। ਮਰੀਜ਼ ਨੂੰ ਬੇਹੋਸ਼ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਪ੍ਰਕਿਰਿਆ ਦੇ 4-5 ਘੰਟਿਆਂ ਪਿੱਛੋਂ ਉਹ ਘਰ ਜਾ ਸਕਦਾ ਹੈ। ਇਸ ਪ੍ਰਕਿਰਿਆ ‘ਚ ਸਰਜਰੀ ਦੇ ਮੁਕਾਬਲੇ ਖਰਚਾ ਵੀ ਘੱਟ ਆਉਂਦਾ ਹੈ। ਦਰਦ ਅਤੇ ਵੈਰੀਕੋਜ਼ ਵੇਨ ਛੇਤੀ ਠੀਕ ਹੋ ਜਾਂਦੀਆਂ ਹਨ। ਇਸ ‘ਚ ਖੂਨ ਰਿਸਣ ਦਾ ਕੋਈ ਖਤਰਾ ਨਹੀਂ ਹੁੰਦਾ।

Previous article
Next article