8.9 C
Vancouver
Sunday, December 22, 2024

ਕੋਵਿਡ-19 ਸੰਕਟ ਦੌਰਾਨ ਟਰੱਕ ਡਰਾਈਵਰਾਂ ਲਈ ਹੋਰ ਸਹਾਇਤਾ

ਵਿਕਟੋਰੀਆ- ਵਪਾਰਕ ਟਰੱਕ ਡਰਾਈਵਰ, ਜੋ ਵਿਸ਼ਵ-ਵਿਆਪੀ ਮਹਾਮਾਰੀ ਕੋਵਿਡ-19 ਦੌਰਾਨ ਜ਼ਰੂਰੀ ਵਸਤਾਂ ਪੁਚਾਉਂਦੇ ਆ ਰਹੇ ਹਨ, ਵਾਸਤੇ ਆਵਾਜਾਈ ਬਿਹਤਰ ਬਣਾਉਣ ਲਈ ਆਵਾਜਾਈ ਅਤੇ ਬੁਨਿਆਦੀ ਢਾਂਚਾ ਮੰਤਰਾਲਾ ਪੂਰੇ ਸੂਬੇ ਵਿੱਚ ਬਹੁਤ ਸਾਰੇ ਵਪਾਰਕ ਵਾਹਨ ਖੜ੍ਹੇ ਕਰਨ ਵਾਲੇ ਸਥਾਨਾਂ, ਇਨਸਪੈਕਸ਼ਨ ਸਟੇਸ਼ਨਾਂ ਅਤੇ ਚੇਨ-ਅੱਪ ਥਾਂਵਾਂ ‘ਤੇ ਪੋਰਟੇਬਲ ਟੌਇਲਟ ਲਗਵਾ ਰਿਹਾ ਹੈ।
ਵਪਾਰਕ ਟਰੱਕ ਡਰਾਈਵਰ ਸਾਡੇ ਸਪਲਾਈ ਦੇ ਸਿਲਸਿਲੇ ਨੂੰ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ ਕਿ ਭੋਜਨ ਅਤੇ ਦਵਾਈਆਂ ਸਮੇਤ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਮਿਲ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਪੈਂਦੀ ਹੈ। ਇਹ ਬੇਹੱਦ ਜ਼ਰੂਰੀ ਹੈ ਕਿ ਵਪਾਰਕ ਡਰਾਈਵਰਾਂ ਨੂੰ ਉਹ ਸਾਰੀਆਂ ਸੁਰੱਖਿਅਤ ਅਤੇ ਸਾਫ਼-ਸੁਥਰੀਆਂ ਸਹੂਲਤਾਂ ਮਿਲਣ ਜਿਨ੍ਹਾਂ ਦੀ ਚੀਜ਼ਾਂ ਦੀ ਅਵਾਜਾਈ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਲੋੜ ਹੈ, ਅਤੇ ਇਹੀ ਕਾਰਣ ਹੈ ਕਿ ਪੂਰੇ ਬੀ ਸੀ ਵਿੱਚ ਰੁਕਣ ਵਾਲੀਆਂ ਮੁੱਖ ਥਾਂਵਾਂ ‘ਤੇ ਟਰੱਕ ਡਰਾਈਵਰਾਂ ਲਈ ਪੋਰਟੇਬਲ ਟੌਇਲਟ ਲਗਾਏ ਜਾ ਰਹੇ ਹਨ।
ਪਿਛਲੇ ਹਫ਼ਤੇ ਦੇ ਅਖੀਰ ਵਿੱਚ, ਵਾਧੂ ਪੋਰਟੇਬਲ ਟੌਇਲਟ ਲਗਵਾਏ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਆਉਂਦੇ ਹਫ਼ਤਿਆਂ ਦੌਰਾਨ ਮੁਕੰਮਲ ਹੋ ਜਾਏਗਾ ਤਾਂ ਕਿ ਵਪਾਰਕ ਡਰਾਈਵਰਾਂ ਨੂੰ ਹੋਰ ਵਿਕਲਪ ਪ੍ਰਦਾਨ ਕੀਤੇ ਜਾ ਸਕਣ। ਇਹ ਲਗਭਗ 20 ਵਪਾਰਕ ਵਾਹਨ ਖੜ੍ਹੇ ਕਰਨ ਵਾਲੇ ਸਥਾਨਾਂ ਅਤੇ ਇਨਸਪੈਕਸ਼ਨ ਸਟੇਸ਼ਨਾਂ ਲਗਾਏ ਜਾ ਚੁੱਕੇ ਹਨ, ਅਤੇ ਸੂਬਾ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਾਧੂ ਪੋਰਟੇਬਲ ਟੌਇਲਟ ਲਗਵਾਉਣ ਬਾਰੇ ਸੋਚ ਰਹੀ ਹੈ।
ਟਰੱਕ ਉਦਯੋਗ ਨੂੰ ਸਹਾਰਾ ਦੇਣਾ ਜਾਰੀ ਰੱਖਣ ਲਈ ਮੰਤਰਾਲਾ ਇਸ ਪ੍ਰਕੋਪ ਦੌਰਾਨ ਆਰਾਮ ਕਰਨ ਵਾਲੇ ਸਾਰੇ ਸਥਾਨ (ਰੈੱਸਟ ਏਰੀਆ) ਵੀ ਖੁੱਲ੍ਹੇ ਰੱਖ ਰਿਹਾ ਹੈ। ਦੇਖਭਾਲ ਕਰਨ ਵਾਲੇ ਠੇਕੇਦਾਰ ਇਨ੍ਹਾਂ ਸਹੂਲਤਾਂ ਨੂੰ ਸਾਫ਼-ਸੁਥਰਾ, ਅਰੋਗਕਾਰੀ ਅਤੇ ਲੋੜੀਂਦੇ ਸਾਮਾਨ ਨਾਲ ਭਰਪੂਰ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਆਰਾਮ ਕਰਨ ਵਾਲੇ ਕਿਸੇ ਵੀ ਸੂਬਾਈ ਸਥਾਨ (ਰੈੱਸਟ ਏਰੀਆ) ‘ਤੇ ਜੇ ਲੋਕਾਂ ਨੂੰ ਮੁਨਾਸਬ ਨਾਲੋਂ ਖ਼ਰਾਬ ਹਾਲਾਤ ਦਿਖਾਈ ਦੇਣ, ਤਾਂ ਉਨ੍ਹਾਂ ਨੂੰ ਸਬੰਧਤ ਠੇਕੇਦਾਰ ਜਾਂ ਨੇੜਲੇ ਮੰਤਰਾਲਾ ਦਫ਼ਤਰ ਨੂੰ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।
ਇਹ ਯਕੀਨੀ ਬਣਾਉਣ ਲਈ ਕਿ ਬੀ ਸੀ ਵਿੱਚ ਹਰ ਕਿਸੇ ਨੂੰ ਉਹ ਚੀਜ਼ਾਂ ਮਿਲ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਸੂਬਾ ਸਰਕਾਰ ਨੇ ਵਸਤਾਂ ਅਤੇ ਸੇਵਾਵਾਂ ਦੇ ਵਿਤਰਣ ਵਿੱਚ ਤਾਲਮੇਲ ਪੈਦਾ ਕਰਨ ਲਈ ਇੱਕ ਨਵੀਂ ਸੂਬਾਈ ਸਪਲਾਈ ਚੇਨ ਤਾਲਮੇਲ ਯੂਨਿਟ ਸਥਾਪਤ ਕੀਤੀ ਹੈ। ਸੂਬਾ ਸਰਕਾਰ ਨੇ ਕੋਵਿਡ-19 ਸਪਲਾਈ ਹੱਬ ਵੀ ਆਰੰਭ ਕੀਤੀ ਹੈ, ਜੋ ਬੀ ਸੀ ਵਿੱਚ ਤਿਆਰ ਕੀਤਾ ਇੱਕ ਔਨਲਾਈਨ ਪਲੈਟਫ਼ੌਰਮ ਹੈ ਤਾਂ ਕਿ ਮੂਹਰਲੀ ਕਤਾਰ ਵਿੱਚ ਕੰਮ ਕਰ ਰਹੇ ਸਿਹਤ ਕਾਮਿਆਂ ਦੀ ਮਦਦ ਕਰਨ ਵਾਸਤੇ ਸੂਬਾਈ ਸਿਹਤ ਅਧਿਕਰਣਾਂ ਲਈ ਡਾਕਟਰੀ ਸਾਜ਼-ਸਾਮਾਨ ਅਤੇ ਨਿਜੀ ਸੁਰੱਖਿਆ ਉਪਕਰਣਾਂ ਵਿੱਚ ਇਕਸਾਰਤਾ ਲਿਆਉਣ, ਪ੍ਰਾਪਤ ਕਰਨ ਅਤੇ ਤੇਜ਼ੀ ਨਾਲ ਪੁਚਾਉਣ ਦਾ ਕੰਮ ਹੋ ਸਕੇ।
ਇਨ੍ਹਾਂ ਜ਼ਰੂਰੀ ਢੋਆ-ਢੁਆਈ ਕਾਮਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਨਿਜੀ ਉਦਯੋਗ ਵੀ ਅੱਗੇ ਆ ਰਹੇ ਹਨ। ਬੀ ਸੀ ਟਰੱਕਿੰਗ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੂਰੇ ਸੂਬੇ ਵਿੱਚ ਵੱਖ-ਵੱਖ ਵਪਾਰਕ ਕਾਰਡਲੌਕਾਂ ‘ਤੇ ਫ਼ੂਡ-ਟਰੱਕਾਂ ਦਾ ਪ੍ਰਬੰਧ ਕਰ ਕੇ ਮੀਲਜ਼ ਫ਼ੌਰ ਟਰੱਕ ਡਰਾਈਵਰ ਬੀ ਸੀ ਪਾਇਲਟ ਦੀ ਪਹਿਲ ਕੀਤੀ ਹੈ। ਟਿਮ ਹੋਰਟਨਜ਼ ਅਤੇ ਕੁਝ ਹੋਰ ਰੈਸਤੋਰਾਂ ਨੇ ਵਪਾਰਕ ਡਰਾਈਵਰਾਂ ਲਈ ਖਾਣਾ ਲੈ ਕੇ ਜਾਣ ਅਤੇ ਰੈੱਸਟ ਰੂਮ ਵਰਤਣ ਲਈ ਕੈਨੇਡਾ ਦੇ ਮੁੱਖ ਮਾਰਗਾਂ ਦੇ ਨਾਲ ਨਾਲ ਆਪਣੀਆਂ ਲੋਕੇਸ਼ਨਾਂ ਦੁਬਾਰਾ ਖੋਲ੍ਹੀਆਂ ਹਨ।
ਵਪਾਰਕ ਵਾਹਨ ਉਦਯੋਗ ਦੀ ਮਦਦ ਕਰਨ ਲਈ ਵੈਨਕੂਵਰ ਦੇ ਰੇਡਿਉ ਰੈੱਡ ਐੱਫ਼ ਐੱਮ ਨੇ ਸਰੀ ਅਤੇ ਡੈਲਟਾ ਵਿੱਚ ਹੋਰ ਵਾਧੂ ਪੋਰਟੇਬਲ ਟੌਇਲਟ ਲਗਵਾਉਣ ਲਈ ਮਾਲੀ ਮਦਦ ਦੇਣ ਵਾਸਤੇ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਮੰਤਰਾਲਾ ਇਸ ਹਫ਼ਤੇ ਸਥਾਨਾਂ ਦੀ ਪਛਾਣ ਕਰਨ ਅਤੇ ਟੌਇਲਟ ਲਗਵਾਉਣ ਵਿੱਚ ਤਾਲਮੇਲ ਲਈ ਰੈੱਡ ਐੱਫ਼ ਐੱਮ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਮੰਤਰਾਲਾ ਸੂਬਾਈ ਸਿਹਤ ਅਫ਼ਸਰ ਅਤੇ ਫ਼ੈਡਰਲ ਸਰਕਾਰ ਦੀ ਸਲਾਹ ਅਤੇ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ ਤਾਂ ਕਿ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕੋਵਿਡ-19 ਦੇ ਫ਼ੈਲਾਉ ਨੂੰ ਰੋਕਣ ਵਿੱਚ ਮਦਦ ਕੀਤੀ ਜਾ ਸਕੇ। ਭਾਵੇਂ ਮੁੱਖ ਮਾਰਗ ਅਤੇ ਸੜਕਾਂ ਖੁੱਲ੍ਹੀਆਂ ਹਨ, ਪਰ ਸੂਬਾਈ ਸਿਹਤ ਅਫ਼ਸਰ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਰਹਿਣ ਅਤੇ ਬੇਲੋੜਾ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦੇ ਰਹੇ ਹਨ।
ਫ਼ੌਰੀ ਤੱਥ:
• ਸੂਬੇ ਵਿੱਚ 203 ਰੈੱਸਟ ਏਰੀਆ ਹਨ, ਜਿਨ੍ਹਾਂ ਸਾਰਿਆਂ ਵਿੱਚ ਟੌਇਲਟ ਦੀਆਂ ਸਹੂਲਤਾਂ ਮੌਜੂਦ ਹਨ। ਇਨ੍ਹਾਂ ਵਿੱਚ 48 ਸਮਾਂ-ਅਨੁਕੂਲ ਸਹੂਲਤਾਂ ਸ਼ਾਮਲ ਹਨ ਜੋ ਬਹਾਰ ਦੀ ਸ਼ੁਰੂਆਤ ਤੋਂ ਲੈ ਕੇ ਨਵੰਬਰ ਦੇ ਅੱਧ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ।
• ਵਪਾਰਕ ਟਰੱਕ ਡਰਾਈਵਰਾਂ ਦੀ ਸਹਾਇਤਾ ਲਈ ਪੂਰੇ ਬੀ ਸੀ ਵਿੱਚ 55 ਬਰੇਕ ਚੈੱਕ ਅਤੇ 39 ਚੇਨ-ਅੱਪ ਸਥਾਨ ਹਨ।

ਹੋਰ ਜਾਣੋ:

ਬਿਲਕੁਲ ਤਾਜ਼ਾ ਡਾਕਟਰੀ ਸੂਚਨਾਵਾਂ ਲਈ, ਜਿਨ੍ਹਾਂ ਵਿੱਚ ਮਾਮਲਿਆਂ ਦੀ ਗਿਣਤੀ, ਰੋਕਥਾਮ, ਖ਼ਤਰੇ ਅਤੇ ਟੈੱਸਟ ਕਰਾਉਣ ਬਾਰੇ ਜਾਣਕਾਰੀ ਸ਼ਾਮਲ ਹੈ, http://www.bccdc.ca/ ‘ਤੇ ਜਾਉ ਜਾਂ @CDCofBC ਰਾਹੀਂ ਟਵਿੱਟਰ ‘ਤੇ ਸੰਪਰਕ ਵਿੱਚ ਰਹੋ।

ਸੂਬਾਈ ਸਿਹਤ ਅਫ਼ਸਰ ਦੇ ਨਿਰਦੇਸ਼ਾਂ, ਸੂਚਨਾਵਾਂ ਅਤੇ ਹਿਦਾਇਤ ਲਈ www.gov.bc.ca/phoguidance ‘ਤੇ ਜਾਉ

ਗ਼ੈਰ-ਸਿਹਤ ਸਬੰਧਤ ਜਾਣਕਾਰੀ ਲਈ, ਜਿਸ ਵਿੱਚ ਮਾਲੀ, ਬਾਲ-ਸੰਭਾਲ ਅਤੇ ਸਿੱਖਿਆ ਸਹਾਇਤਾ, ਯਾਤਰਾ, ਢੋਆ-ਢੁਆਈ ਅਤੇ ਜ਼ਰੂਰੀ ਸੇਵਾਵਾਂ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ, www.gov.bc.ca/Covid-19 ‘ਤੇ ਜਾਉ ਜਾਂ 1 888 COVID19 (1 888 268-4319 ‘ਤੇ ਹਫ਼ਤੇ ਦੇ ਸੱਤੇ ਦਿਨ, ਸਵੇਰੇ 7:30 ਵਜੇ ਤੋਂ ਰਾਤ 8 ਵਜੇ ਦਰਮਿਆਨ, ਕਾਲ ਕਰੋ।

ਸੂਬਾਈ ਕੋਵਿਡ-19 ਸਪਲਾਈ ਹੱਬ ਵੇਖਣ ਲਈ ਇੱਥੇ ਜਾਉ: www.gov.bc.ca/supplyhub