14.7 C
Vancouver
Wednesday, May 29, 2024

ਲੀਡਰਸ਼ਿਪ ਅਤੇ ਡਰਾਈਵਰਾਂ ਦੀ ਘਾਟ

ਕਈ ਦਹਾਕਿਆਂ ਤੋਂ ਅਸੀਂ ਇੱਕੋਂ ਕਹਾਣੀ ਸੁਣਦੇ ਆ ਰਹੇ ਹਾਂ ਕਿ ਟਰਾਂਸਪੋਰਟ ਇੰਡਸਟਰੀ ਵਿੱਚ ਡਰਾਈਵਰਾਂ ਦੀ ਘਾਟ ਪੈਦਾ ਹੋ ਜਾਵੇਗੀ ਜੇਕਰ ਸਮੇਂ ਸਿਰ ਫਿਰ ਇਸ ਪਾਸੇ ਧਿਆਨ ਨਾ ਦਿੱਤਾ।ਇਹੋ ਖਬਰਾਂ ਹੁਣ ਫਿਰ ਆ ਰਹੀਆਂ ਹਨ ਪਰ ਕੁਝ ਵੀ ਸੁਧਰਨ ਵਾਲਾ ਨਹੀਂ ਹੈ ਜਦ ਤੱਕ ਕਿ ਇੰਡਸਟਰੀ ਵਿੱਚ ਨਵੀਂ ਸੋਚ ਉਤਪਨ ਨਹੀਂ ਹੁੰਦੀ।
ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਲੀਡਰ ਅਤੇ ਫਾਲੋਅਰਜ਼।ਬਹੁਤ ਸਾਰੇ ਫਾਲੋਅਰਜ਼ ਐਸੇ ਹਨ ਜੋ ਨੇਤਾ ਬਣਨਾ ਲੋਚਦੇ ਹਨ ਪਰ ਉਹਨਾਂ ਤੋਂ ਵੱਧ ਐਸੇ ਨੇਤਾ ਹਨ ਜੋ ਫਾਲੋਅਰਜ਼ ਹੋਣੇ ਚਾਹੀਦੇ ਸਨ।ਬਹੁਤ ਸਾਰੇ ਨੇਤਾ ਅਗਵਾਈ ਕਰਨ ਦੀ ਥਾਂ ਹੁਕਮ ਅਤੇ ਨੀਤੀਆਂ ਹੀ ਦਿੰਦੇ ਹਨ।ਦੋਹਾਂ ਵਿੱਚ ਬਹੁਤ ਫਰਕ ਹੈ।
ਨੇਤਾ ਦਾ ਕੰਮ ਉਤਸ਼ਾਹ ਭਰਨਾ ਹੈ।ਜ਼ਰੂਰੀ ਨਹੀਂ ਕਿ ਉਸਨੂੰ ਆਪਣੇ ਫਾਲੋਅਰਜ਼ ਦੀਆਂ ਸਾਰੀਆਂ ਜਾਬਜ਼ ਦਾ ਗਿਆਨ ਹੋਵੇ ਪਰ ਉਸਨੂੰ ਉਹਨਾਂ ਦੀ ਜਾਬਜ਼ ਦਾ ਸਨਮਾਨ ਕਰਨਾ ਆਉਣਾ ਚਾਹੀਦਾ ਹੈ।ਸਹੀ ਲੀਡਰ ਆਪਣੇ ਅਧੀਨ ਕੰਮ ਕਰਨ ਵਾਲਿਆਂ ਤੇ ਰੋਹਬ ਨਹੀਂ ਝਾੜਦੇ ਸਗੋਂ ਉਹਨਾ ਨੂੰ ਦਿਸ਼ਾ ਦਿੰਦੇ ਹਨ, ਉਤਸ਼ਾਹਤ ਕਰਦੇ ਹਨ ਤੇ ਜਿਸ ਨੂੰ ਖਿੜੇ ਮੱਥੇ ਸਵੀਕਾਰਿਆ ਵੀ ਜਾਂਦਾ ਹੈ।
ਸਾਡੇ ਪਹਿਲੇ ਲੀਡਰ ਸਾਡੇ ਮਾਪੇ ਹੁੰਦੇ ਹਨ।ਬਚਪਨ ਵਿੱਚ ਅਸੀਂ ਆਪਣੇ ਮਾਪਿਆਂ ਨੂੰ ਇਸਦਾ ਪੂਰਾ ਅਧਿਕਾਰ ਦਿੰਦੇ ਹਾਂ।ਅਸੀਂ ਆਪਣੇ ਮਾਪਿਆਂ ਨੂੰ ਬਿਨਾਂ ਸ਼ਰਤ ਆਪਣੇ ਟੀਚਰ ਅਤੇ ਸਲਾਹਕਾਰ ਸਵੀਕਾਰਦੇ ਹਾਂ।ਜਦੋਂ ਅਸੀਂ ਕੁਝ ਵੱਡੇ ਹੁੰਦੇ ਹਾਂ ਤਾਂ ਕਈ ਵਾਰ ਅਸੀਂ ਮਾਪਿਆਂ ਦੇ ਵਿਚਾਰਾਂ ਤੇ ਕਿੰਤੂ-ਪ੍ਰੰਤੂ ਵੀ ਕਰਨਾ ਸ਼ੁਰੂ ਕਰ ਦਿੰਦੇ ਹਾਂ।ਆਪਣੇ ਆਪ ਨੂੰ ਸਮਾਜ ਵਿੱਚ ਸਥਾਪਤ ਕਰਨ ਦੀ ਇਹ ਸ਼ੁਰੂਆਤ ਹੁੰਦੀ ਹੈ।ਫਿਰ ਅਸੀਂ ਸਕੂਲ ਜਾਣ ਲਗਦੇ ਹਾਂ, ਸਾਡਾ ਖੇਤਰ ਅਧਿਆਪਕ ਅਤੇ ਹੋਰ ਸਿੱਖਿਆਕਾਰਾਂ ਕਰ ਕੇ ਵੱਧਣ ਲਗਦਾ ਹੈ।ਅਸੀਂ ਉਹਨਾਂ ਦੀਆਂ ਸਫਲਤਾਵਾਂ ਅਸਫਲਤਾਵਾਂ ਜਾਂ ਤਜ਼ਰਬਿਆਂ ਤੋ ਸਿੱਖਣਾ ਸ਼ੁਰੂ ਕਰ ਦਿੰਦੇ ਹਾਂ।ਇਹ ਸੱਚ ਹੈ ਕਿ ਕੋਈ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ।ਉਹ ਤਾਂ ਸਿਰਫ਼ ਸਿੱਖਣ ਵਿੱਚ ਸਹਾਇਤਾ ਕਰ ਸਕਦਾ ਹੈ।ਸਿੱਖਣ ਵਾਲੇ ਵਿੱਚ ਜੇ ਕਰ ਸਿੱਖਣ ਦੀ ਇੱਛਾ ਨਹੀਂ ਹੋਵੇਗੀ ਤਾਂ ਉਸਨੂੰ ਉਤਸ਼ਾਹਤ ਕਰਨਾ ਪਵੇਗਾ।ਬੱਚਾ ਜੰਮਦਾ ਹੈ ਤਾਂ ਗਿਆਨ ਪ੍ਰਾਪਤੀ ਦਾ ਮੰਗਤਾ ਹੁੰਦਾ ਹੈ ਪਰ ਜਿਉਂ ਜਿਉਂ ਵੱਡਾ ਹੁੰਦਾ ਹੈ ਉਸਦੀ ਇਹ ਇੱਛਾ ਘਟਦੀ ਚਲੀ ਜਾਂਦੀ ਹੈ ਅਤੇ ਉਹ ਆਪ ਆਪਣੀਆਂ ਗਲਤੀਆਂ ਵਿੱਚੋਂ ਸਿੱਖਣਾ ਚਾਹੁੰਦਾ ਹੈ।ਮੈਚੁਅਰਟੀ ਆਉਣ ਲਗਦੀ ਹੈ ਤਾਂ ਸਿੱਖਣ ਦੀ ਇੱਛਾ ਫਿਰ ਜਾਗਦੀ ਹੈ ਪਰ ਤਦੋਂ ਤੱਕ ਅਧਿਆਪਕ ਲੀਡਰਸ਼ਿੱਪ ਰੋਲ ਪਰਾਪਤ ਕਰ ਚੁੱਕਾ ਹੁੰਦਾ ਹੈ ਅਤੇ ਕੁਝ ਵੀ ਚੈਲੰਜ ਕਰਨ ਦੀ ਆਗਿਆ ਨਹੀਂ ਹੁੰਦੀ।ਸਾਡੀ ਹਾਇਰ ਐਜੂਕੇਸ਼ਨ ਵਿਚਾਰਾਂ ਅਤੇ ਭਾਵਨਾਵਾਂ ਨੂੰ ਅਧਿਆਪਕ ਅਨੁਸਾਰ ਮੰਨਣ ਲਈ ਹੈ ਨਾ ਕਿ ਚੈਲੰਜ ਕਰਨ ਲਈ।
ਹੁਣੇ ਜਿਹੇ ਮੇਰੇ ਫੈਮਲੀ ਟਰੀ ਵਿੱਚੋਂ ਇੱਕ ਯੰਗ ਬੱਚੇ ਨੇ ਪ੍ਰਸ਼ਨ ਕੀਤਾ ਕਿ ਉਸਨੂੰ ਹਿਸਟਰੀ ਕਿਉਂ ਪੜ੍ਹਨੀ ਪੈ ਰਹੀ ਹੈ ਜਦ ਕਿ ਇਹ ਮਰ ਚੁੱਕੇ ਲੋਕਾਂ ਬਾਰੇ ਹੈ।ਪ੍ਰਸ਼ਨ ਨੇ ਮੈਨੂੰ ਸੋਚੀਂ ਪਾ ਦਿੱਤਾ।ਮੈਂ ਉਸਨੂੰ ਇਸਦਾ ਕਾਰਣ ਵੀ ਦੱਸਣਾ ਚਾਹੁੰਦਾ ਸੀ ਪਰ ਮੈਂ ਕੁਝ ਗਲਤ ਵੀ ਨਹੀਂ ਕਹਿਣਾ ਚਾਹੁੰਦਾ ਸੀ।ਜੇਕਰ ਅਸੀਂ ਇਤਹਾਸ ਤੋਂ ਜਾਣੂ ਨਹੀਂ ਹੋਵਾਂਗੇ ਤਾਂ ਉਹੀ ਗਲਤੀਆਂ ਅਸੀਂ ਦੁਬਾਰਾ ਵੀ ਕਰਾਂਗੇ।ਜੇਕਰ ਅਸੀਂ ਦੂਜੇ ਲੋਕਾਂ ਜਾਂ ਕੌਮਾਂ ਦੀਆਂ ਗਲਤੀਆਂ ਤੋਂ ਸਿੱਖਿਆ ਲੈਂਦੇ ਹਾਂ ਤਾਂ ਅਸੀਂ ਉਹ ਗਲਤੀਆਂ ਨਹੀਂ ਕਰਾਂਗੇ।ਦੁਨੀਆਂ ਦੇ ਹਾਣੀ ਬਣਨ ਲਈ ਸਾਨੂੰ ਅਸਫਲਤਾਵਾਂ ਅਤੇ ਗਲਤੀਆਂ ਵਾਲਾ ਇਤਹਾਸ ਵੀ ਜਾਨਣਾ ਪਵੇਗਾ।
ਸਾਡੇ ਕਨੂੰਨਾਂ ਦਾ ਅਧਾਰ ਵੀ ਇਹੀ ਹੈ।ਗਲਤੀਆਂ ਹੁੰਦੀਆਂ ਹਨ ਤਾਂ ਕਨੂੰਨ ਬਣਦਾ ਹੈ ਤਾਂ ਕਿ ਦੁਬਾਰਾ ਇਸ ਤਰ੍ਹਾਂ ਨਾ ਹੋਵੇ।ਦੂਜਿਆਂ ਦੀਆਂ ਗਲਤੀਆਂ ਦੀ ਸਟਡੀ ਕਰੋ, ਮਾਨਤਾਵਾਂ ਨੂੰ ਚੈਲੰਜ ਕਰੋ ਅਤੇ ਚੰਗਾ ਰਾਹ ਲੱਭਣ ਦੀ ਕੋਸ਼ਿਸ਼ ਕਰੋ।ਇਹੋ ਗੁਣ ਲੀਡਰ ਬਣਨ ਦੇ ਯੋਗ ਹੁੰਦੇ ਹਨ।ਫਾਲੋਅਰ ਬਣਨਾ ਸੁਖਾਲਾ ਹੈ।ਜੋ ਦੁੂਜਿਆਂ ਨੇ ਸਿਖਾਇਆ ਹੈ ਉਹ ਕਰੋ ਪਰ ਚੈਲੰਜ ਨਾ ਕਰੋ।ਪਰ ਦੂਜੇ ਪਾਸੇ ਲੀਡਰ ਅੱਖਾਂ ਮੀਟ ਕੇ ਸਵੀਕਾਰ ਨਹੀਂ ਕਰਦੇ ਸਗੋਂ ਇਸ ਤੋਂ ਅੱਗੇ ਵੀ ਜਾਂਦੇ ਹਨ।ਸਾਡੇ ਬਹੁਤ ਸਾਰੇ ਲੀਡਰ ਆਪਣੀ ਸਥਿਤੀ ਨੂੰ ਸਮਝਦੇ ਹਨ ਅਤੇ ਇੰਸਪੀਰੇਸ਼ਨ ਭਰਪੂਰ ਅਗਵਾਈ ਵੀ ਕਰਦੇ ਹਨ।
ਇੰਸਪੀਰੇਸ਼ਨ ਨਾਲ ਲੀਡ ਕਰਨ ਵਾਲੇ ਅਤੇ ਤਾਨਾਸ਼ਾਹ ਸੁਭਾਅ ਨਾਲ ਲੀਡ ਕਰਨ ਵਾਲਿਆਂ ਵਿੱਚ ਇਹੀ ਫਰਕ ਹੁੰਦਾ ਹੈ ਕਿ ਪਹਿਲੀ ਕਿਸਮ ਦੇ ਲੀਡਰ ਆਪਣੇ ਅਧੀਨ ਕਰਮਚਾਰੀਆਂ ਦੀ ਫੀਡਬੈਕ ਅਨੁਸਾਰ ਨੀਤੀਆਂ ਬਣਾਉਂਦੇ ਹਨ ਜਦ ਕਿ ਤਾਨਾਸ਼ਾਹ ਸੁਭਾਅ ਵਾਲੇ ਲੀਡਰ ਹੁਕਮ ਛੱਡਦੇ ਹਨ ਜੋ ਅਧੀਨ ਕਰਮਚਾਰੀਆਂ ਲਈ ਬਿਨਾਂ ਸੋਚੇ ਵਿਚਾਰੇ ਜਾਂ ਕਿੰਤੂ-ਪ੍ਰੰਤੂ ਕੀਤੇ ਮੰਨਣਾ ਹੁੰਦਾ ਹੈ ਇੰਸਪੀਰੇਸ਼ਨਲ ਲੀਡਰ ਮਤਭੇਦ ਕਰਨ ਦੀ ਆਗਿਆ ਹੀ ਨਹੀਂ ਦਿੰਦੇ ਸਗੋਂ ਆਪਣੇ ਠੋਸ ਫੈਸਲਿਆਂ ਲਈ ਇਸਨੂੰ ਆਪਣਾ ਅਧਾਰ ਬਣਾਉਂਦੇ ਹਨ।ਇਸ ਨਾਲ ਅਦਾਰਾ ਬਣਿਆ ਹੀ ਨਹੀਂ ਰਹਿੰਦਾ ਸਗੋਂ ਵਧਦਾ ਵੀ ਹੈ।ਭਾਵੇਂ ਕੋਈ ਦੇਸ਼ ਹੋਵੇ, ਰਾਜਨੀਤਕ ਪਾਰਟੀ ਹੋਵੇ, ਵੱਡਾ ਜਾਂ ਛੋਟਾ ਵਪਾਰਕ ਅਦਾਰਾ ਹੋਵੇ ਆਦਿ, ਇਹ ਸਚਾਈ ਸੱਭ ਤੇ ਲਾਗੂ ਹੁੰਦੀ ਹੈ।
ਇੱਕ ਚੰਗੇ ਲੀਡਰ ਨੂੰ ਟਰੇਂਡ ਲੋਕਾਂ ਦੀ ਲੋੜ ਹੁੰਦੀ ਹੈ ਜੋ ਆਪਣੇ ਆਪ ਸੋਚ ਸਕਣ ਅਤੇ ਚੰਗਾ ਰਸਤਾ ਲੱਭ ਸਕਣ।ਇੱਕ ਚੰਗੇ ਅਤੇ ਸਫਲ ਅਦਾਰੇ ਨੂੰ ‘ਯੈਸ ਮੈੱਨ’ ਦੀ ਲੋੜ ਨਹੀਂ ਹੁੰਦੀ।ਆਪਣੇ ਲੀਡਰ ਨੂੰ ਸਵਾਲ ਕਰਨ ਤੋਂ ਕਦੇ ਨਾ ਡਰੋ।ਜੇਕਰ ਇੰਜ ਨਹੀਂ ਕਰ ਸਕਦੇ ਤਾਂ ਕੋਈ ਹੋਰ ਜਾਬ ਲੱਭ ਲਵੋ। ਚੰਗੇ ਲੀਡਰ ਨੂੰ ਪਤਾ ਹੁੰਦਾ ਹੈ ਕਿ ਉਸਦਾ ਕਿਹੜਾ ਸਬਾਰਡੀਨੇਟ, ਆਪਣੇ ਹਥਲੇ ਕੰਮ ਨੁੂੰ, ਕਿਵੇਂ ਸਫਲਤਾ ਪੂਰਵਕ ਨੇਪਰੇ ਚਾੜ੍ਹ ਸਕਦਾ ਹੈ।
ਟਰੱਕ ਲੀਡਰਸ਼ਿੱਪ ਵਿੱਚ ਕਾਮਿਆਂ ਤੋਂ ਮਿਲੇ ਸੁਝਾਵਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਕਿਉਂਕਿ ਲੀਡਰ ਸੋਚਦਾ ਹੈ ਕਿ ਕਾਮਾ ਤਾਂ ਕਾਮਾ ਹੈ, ਸੋਚਣਾ ਉਸ ਦੇ ਵਸ ਦੀ ਗੱਲ ਨਹੀਂ ਹੈ।ਫਿਰ ਉਸੇ ਕਾਮੇ ਨੂੰ ਉਹ ਮਹਿੰਗੇ ਭਾਰ ਦੀ ਜ਼ਿੰਮੇਦਾਰੀ, ਕਸਟਮਰ ਰੀਲੇਸ਼ਨਜ਼ ਅਤੇ ਕਾਇਦੇ ਕਨੂੰਨਾਂ ਨਾਲ ਨਿਪਟਣ ਦੀ ਜ਼ਿੰਮੇਵਾਰੀ ਵੀ ਸੌਂਪਦਾ ਹੈ।
ਡਰਾਈਵਰਾਂ ਦੀ ਘਾਟ ਦੀ ਸਮੱਸਿਆ ਕੇਵਲ ਉਦੋਂ ਹੱਲ ਹੋਵੇਗੀ ਜਦੋਂ ਸਰਕਾਰ ਅਤੇ ਟਰੱਕ ਇੰਡਸਟਰੀ ਇੱਕਠੇ ਸੁਨਿਸ਼ਚਤ ਕਰਨਗੇ ਕਿ ਟ੍ਰੇਨਿੰਗ ਸਹੀ ਹੋਵੇ, ਇਸਨੂੰ ਸਕਿਲਡ ਟਰੇਡ ਵੱਜੋਂ ਮਾਨਤਾ ਦਿੱਤੀ ਜਾਵੇ, ਪੇਸ਼ੇ ਦਾ ਭਵਿੱਖ ਸਪਸ਼ਟ ਹੋਵੇ, ਮਿਹਨਤਾਨਾ ਯੋਗਤਾ ਦੀ ਉੱਨਤੀ ਨਾਲ ਸਬੰਧਤ ਹੋਵੇ ਅਤੇ ਘੱਟੋ ਘੱਟ ਵੇਜਜ਼ ਨਾਲੋਂ ਘੱਟ ਨਾ ਹੋਵੇ ਆਦਿ।