13.1 C
Vancouver
Tuesday, March 21, 2023

ਮਦਦ ਕਰਨ ਵਾਲ਼ੇ ਡ੍ਰਾਈਵਰ ਨੂੰ ਸਨਮਾਨ ਮਿਲੇਗਾ

ਕਨੇਡਾ ਕਾਰਟੇਜ ਕੰਪਨੀ ਵੱਲੋਂ ਆਪਣੀ ਕੰਪਨੀ ਦੇ ਉਸ ਟਰੱਕ ਡ੍ਰਾਈਵਰ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੇ ਬੜੀ ਬਹਾਦਰੀ ਨਾਲ਼ ਇੱਕ ਦੁਰਘਟਨਾ ‘ਚ ਫਸੀ ਔਰਤ ਦੀ ਜਾਨ ਬਚਾਈ।
ਕੰਪਨੀ ਅਨੁਸਾਰ ਗੱਲ 30 ਸਤੰਬਰ 2015 ਦੀ ਹੈ। ਸਵੇਰ ਦੇ 9:30 ਵੱਜੇ ਸਨ, ਕਨੇਡਾ ਕਾਰਟੇਜ ਕੰਪਨੀ ਦਾ ਟਰੱਕ ਡ੍ਰਾਈਵਰ ਪੌਲ ਪੀਰਸ ਈਸਟਰਨ ਉਨਟਾਰੀਓ ਦੇ ਹਾਈਵੇਅ 32 ‘ਤੇ ਟਰੱਕ ਲੈ ਕੇ ਜਾ ਰਿਹਾ ਸੀ। ਉਸ ਨੇ ਵੇਖਿਆ ਕਿ ਇਕ ਕਾਰ ਦੋ ਵਾਰ ਪਲਟੀ ਖਾ ਕੇ ਉਲਟ ਗਈ।
ਪੀਰਸ ਨੇ ਸੋਚਿਆ ਕਿ ਟ੍ਰੈਫਿਕ ਰੋਕਣਾ ਚਾਹੀਦਾ ਹੈ। ਉਸ ਨੇ ਆਪਣਾ ਟਰੱਕ ਦੋਵਾਂ ਲਾਈਨਾਂ ‘ਚ ਲਾ ਕੇ ਟਰੈਫਿਕ ਰੋਕ ਦਿੱਤਾ ਅਤੇ 911 ਨੂੰ ਫੋਨ ਕੀਤਾ। ਕਾਰ ‘ਚ ਇੱਕ ਔਰਤ ਫਸੀ ਹੋਈ ਸੀ ਅਤੇ ਕਾਰ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।ਪੀਰਸ ਨੇ ਉਸ ਔਰਤ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।ਪਰ ਦਰਵਾਜ਼ੇ ਬੁਰੀ ਤਰ੍ਹਾਂ ਫਸੇ ਹੋਏ ਸਨ। ਇਸ ਲਈ ਸਾਹਸੀ ਡ੍ਰਾਈਵਰ ਨੇ ਵਿੰਡੋ ਦਾ ਸ਼ੀਸ਼ਾ ਤੋੜ ਕੇ ਔਰਤ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।
ਤਕਰੀਬਨ 10 ਮਿੰਟ ‘ਚ ਐਂਬੂਲੈਂਸ ਪਹੁੰਚ ਗਈ। ਪੀਰਸ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਚੰਗਾ ਹੋਇਆ ਮੈਂ ਦੁਰਘਟਨਾ ਹੋਣ ਸਮੇਂ ਉੱਥੇ ਹੀ ਸੀ। ਪੀਰਸ ਦਾ ਕਹਿਣਾ ਹੈ ਕਿ ਜੇ ਮੈਂ ਇਹ ਦੁਰਘਟਨਾ ਹੁੰਦੀ ਨਾ ਵੇਖਦਾ ਤਾਂ ਸ਼ਾਇਦ ਲੰਘਣ ਵਾਲ਼ੇ ਕਾਰ ‘ਚ ਫਸੀ ਔਰਤ ਨੂੰ ਨਾ ਵੇਖ ਸਕਦੇ ਕਿਉਂ ਕਿ ਉਹ ਸੜਕ ਦੇ ਪਾਸੇ ਆਮ ਜਾਣ ਵਾਲ਼ਿਆਂ ਦੀ ਨਜ਼ਰ ਤੋਂ ਉਹਲੇ ਸੀ।

ਕੈਨੇਡਾ ਕਾਰਟੇਜ ਕੰਪਨੀ ਦੇ ਪ੍ਰਧਾਨ ਜੈਫ ਲਿੰਡਸੇ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਕਰਨ ‘ਤੇ ਵੀ ਉਹ ਆਪਣੇ ਆਪ ਨੂੰ ਨਾਇਕ ਭਾਵ ਹੀਰੋ ਨਹੀਂ ਸਮਝ ਰਿਹਾ। ਪਰ ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਹੀਰੋ ਸਮਝ ਰਹੇ ਹਾਂ ਕਿਉਂ ਕਿ ਜੇ ਉਹ ਉੱਥੇ ਨਾ ਹੁੰਦਾ ਅਤੇ ਮਦਦ ਕਰਨ ਲਈ ਨਾ ਰੁਕਦਾ ਤਾਂ ਇਸ ਦੇ ਸਿੱਟੇ ਕੁੱਝ ਹੋਰ ਹੀ ਨਿਕਲਣੇ ਸਨ।