13.6 C
Vancouver
Tuesday, October 8, 2024

ਡਰਾਈਵਿੰਗ ਆਦਤਾਂ

“ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ”
ਆਦਤਾਂ ਚੰਗੀਆਂ ਵੀ ਹੁੰਦੀਆਂ ਹਨ ਅਤੇ ਮਾੜੀਆਂ ਵੀ। ਚੰਗੀਆਂ ਆਦਤਾਂ ਸਾਡਾ ਸੁਖ-ਚੈਨ ਹਨ ਪਰ ਮਾੜੀਆਂ ਆਦਤਾਂ ਕਲਾ ਕਲੇਸ਼ ਦੀ ਜੜ੍ਹ ਹਨ। ਚੰਗੀ ਹੋਵੇ ਜਾਂ ਮਾੜੀ ਆਦਤ ਪੈਂਦੀ ਵੀ ਹੌਲੀ ਹੌਲੀ ਹੈ ਅਤੇ ਜਾਂਦੀ ਵੀ ਹੌਲੀ ਹੌਲੀ। ਨਿਯਮਾਂ ਅਤੇ ਆਦਤਾਂ ਵਿੱਚ ਇਕ ਮੁਢਲਾ ਅੰਤਰ ਹੈ। ਨਿਯਮ ਸਾਡੀ ਪਾਲਣਾ ਨਹੀਂ ਕਰਦੇ ਸਗੋਂ ਸਾਨੂੰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਪਰ ਇਸ ਦੇ ਉਲਟ ਆਦਤਾਂ ਸਾਡੀ ਪਾਲਣਾ ਕਰਦੀਆਂ ਹਨ ਨਾ ਕਿ ਅਸੀਂ ਆਦਤਾਂ ਦੀ। ਸਾਡੀ ਜੀਵਨ ਸ਼ੈਲੀ ਸਾਡੀਆਂ ਆਦਤਾਂ ਅਨੁਸਾਰ ਹੋਵੇਗੀ।
ਜਦੋਂ ਤੁਸੀਂ ਵਾਹਨ ਚਲਾ ਰਹੇ ਹੁੰਦੇ ਹੋ ਤਾਂ ਤੁਹਾਡੀਆਂ ਆਦਤਾਂ ਤੁਹਾਨੂੰ ਚਲਾ ਰਹੀਆਂ ਹੁੰਦੀਆਂ ਹਨ। ਤੁਹਾਡੀਆਂ ਆਦਤਾਂ ਤਹਿ ਕਰਦੀਆਂ ਹਨ ਕਿ ਤੁਸੀਂ ਚੰਗੇ ਡਰਾਈਵਰ ਹੋ ਜਾਂ ਮਾੜੇ। ਪੇਸ਼ਾਵਰ ਡਰਾਈਵਰਾਂ ਦੀਆਂ ਆਦਤਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਇਕ ਉਹ ਹਨ ਜੋ ਡਰਾਈਵਿੰਗ ਟ੍ਰੇਨਿੰਗ ਲੈਂਦੇ ਸਮੇਂ ਪਰਪੱਕ ਨਹੀਂ ਕੀਤੀਆਂ ਹੁੰਦੀਆਂ ਜਿਵੇਂ ਸੜਕ ਜਾਂ ਸ਼ੀਸ਼ਿਆਂ ਨੂੰ ਸਕੈਨ ਕਰਨ ਵਿੱਚ ਲਾਪਰਵਾਹੀ ਵਰਤਣੀ, ਇਕ ਹੱਥ ਨਾਲ ਵਾਹਨ ਚਲਾਉਣਾ ਆਦਿ। ਅਜਿਹੇ ਡਰਾਈਵਰ ਨੂੰ ਸੁਸਤ ਜਾਂ ਢਿੱਲੜ ਕਹਿ ਸਕਦੇ ਹਾਂ। ਚਾਹੀਦਾ ਇਹ ਹੈ ਕਿ ਸਾਹਮਣੇ ਦੂਰ ਤੱਕ ਸੜਕ ਨੂੰ ਅਲਰਟ ਰਹਿ ਕੇ ਸਕੈਨ ਕੀਤਾ ਜਾਵੇ ਅਤੇ ਹਰ ਸ਼ੀਸ਼ੇ ਨੂੰ 12 ਤੋਂ 15 ਸਕਿੰਟ ਬਾਅਦ ਵਾਰੀ ਵਾਰੀ ਸਕੈਨ ਕੀਤਾ ਜਾਵੇ। ਇਹ ਚਾਲਕ ਦੀ ਪੱਕੀ ਆਦਤ ਹੋਣੀ ਚਾਹੀਦੀ ਹੈ।
ਦੂਜੀ ਪ੍ਰਕਾਰ ਦੀਆਂ ਉਹ ਆਦਤਾਂ ਹਨ ਜੋ ਵਾਹਨ ਚਾਲਕ ਪੇਸ਼ੇ ਵਿੱਚ ਆ ਕੇ ਸਿੱਖਦਾ ਹੈ। ਕਈ ਵਾਰ ਉਹ ਸਮੇਂ ਦੀ ਬੱਚਤ ਲਈ ਓਵਰ ਸਪੀਡ ਚਲਣਾ, ਸੀਟ ਬੈੱਲਟ ਦੀ ਵਰਤੋਂ ਨਾ ਕਰਨੀ, ਇਕ ਹੱਥ ਨਾਲ ਸਟੀਅਰਿੰਗ ਪਕੜ ਕੇ ਅਤੇ ਇਕ ਹੱਥ ਵਿੱਚ ਮੋਬਾਇਲ ਲੈ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਉਹ ਟਿਕਟ ਜਾਂ ਐਕਸੀਡੈਂਟ ਨਾਲੋਂ ਮਨ ਦੀ ਮੌਜ ਨੂੰ ਵਧੇਰੇ ਮਹੱਤਵ ਦਿੰਦਾ ਹੈ। ਉਸਦੀ ਇਹ ਆਦਤ ਹੌਲੀ ਹੌਲੀ ਪੱਕ ਜਾਂਦੀ ਹੈ ਅਤੇ ਉਹ ਚੁਸਤ ਚਾਲਕ ਦੇ ਭਰਮ ਜਾਲ ਵਿੱਚ ਫਸ ਜਾਂਦਾ ਹੈ।
ਸਪੀਡ ਸਮੇਂ ਦੀ ਬੱਚਤ ਕਰਦੀ ਹੈ ਅਤੇ ਕਿਉਂਕਿ ਸਮਾਂ ਧਨ ਹੈ ਇਸ ਲਈ ਸਮੇਂ ਦੀ ਬੱਚਤ ਧਨ ਦੀ ਬੱਚਤ ਵੀ ਹੈ – ਸੋਚਣਾ ਇੱਕ ਗਲਤ ਧਾਰਨਾ ਹੈ। ਅਸਲ ਵਿੱਚ ਸਪੀਡ ਤੁਹਾਨੂੰ ਅਤੇ ਤੁਹਾਡੇ ਵਾਹਨ ਨੂੰ ਸਮੇਂ ਤੋਂ ਪਹਿਲਾਂ ਾਂੲੳਰ ੌੁਟ ਕਰ ਦੇਵੇਗੀ।ਆਦਤ ਤੋਂ ਮਜ਼ਬੂਰ ਚਾਲਕ ਕਿਸੇ ਨਾ ਕਿਸੇ ਦਿਨ ਓਵਰ ਸਪੀਡ ਦੀ ਟਿਕਟ ਲੈ ਹੀ ਲੈਂਦਾ ਹੈ ਅਤੇ ਹੋ ਸਕਦਾ ਹੈ ਤੁਹਾਨੂੰ ੍ਹੌਸ਼ ਟਿਕਟ ਹੀ ਮਿਲ ਜਾਵੇ। ਤੁਹਾਡੀ ਬੀਮਾ ਰਾਸ਼ੀ ਵੀ ਵਧ ਸਕਦੀ ਹੈ। ਸਪੀਡ ਨਿਸ਼ਚੈ ਤੁਹਾਡੀ ਲਾਗ ਬੁੱਕ ਤੇ ਵੀ ਅਸਰ ਪਾਵੇਗੀ। ਇਸ ਨਾਲ ਟਰੱਕ ਕੰਪਨੀਆਂ ਤੁਹਾਨੂੰ ਹਾਇਰ ਕਰਨ ਤੋਂ ਕੰਨੀਂ ਕਤਰਾਉਣ ਲੱਗ ਜਾਣਗੀਆਂ।
ਸੀਟ ਬੈੱਲਟ ਨਾ ਲਾਉਣ ਬਾਰੇ ਆਮ ਤੌਰ ਤੇ ਦੋ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਇੱਕ ਇਹ ਕਿ ਸੀਟ ਬੈੱਲਟ ਅਰਾਮਦਾਇਕ ਨਹੀਂ ਹੁੰਦੀ ਅਤੇ ਦੂਜਾ ਇਹ ਸੁਰੱਖਿਅਤ ਨਹੀਂ ਹੈ। ਅਜਿਹੇ ਲੋਕ ਹਮੇਸ਼ਾਂ ਕੋਈ ਨਾ ਕੋਈ ਕਹਾਣੀ ਘੜ ਕੇ ਆਪਣਾ ਪੱਖ ਪੂਰਦੇ ਹਨ ਕਿ ਫਲਾਣੇ ਨੇ ਸੀਟ ਬੈੱਲਟ ਨਾ ਲਾਈ ਹੁੰਦੀ ਤਾਂ ਜਾਨ ਬਚ ਸਕਦੀ ਸੀ। ਪਰ ਨਹੀਂ, ਸੀਟ ਬੈੱਲਟ ਜਾਨ ਲੈਂਦੀ ਨਹੀਂ ਸਗੋਂ ਜਾਨ ਬਚਾਉਂਦੀ ਹੈ। ਖਤਰਨਾਕ ਮੋੜਾਂ ਤੇ ਇਹ ਗੱਡੀ ਕੰਟਰੋਲ ਕਰਨ ਵਿੱਚ ਸਹਾਈ ਹੁੰਦੀ ਹੈ। ਦੁਰਘਟਨਾਂ ਜਾਂ ਪਲਟੀ ਲੱਗਣ ਸਮੇਂ ਇਹ ਹੀ ਬਚਾਅ ਕਰਦੀ ਹੈ। ਟਰੱਕ ਕੰਪਨੀਆਂ ਵਾਲੇ ਤੁਹਾਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਾ ਡਰਾਈਵਰ ਸਮਝ ਕੇ ਹਾਇਰ ਕਰਨ ਤੋਂ ਮੂੰਹ ਮੌੜ ਸਕਦੇ ਹਨ। ਇਸੇ ਤਰ੍ਹਾਂ ਗੱਡੀ ਚਲਾਉਂਦੇ ਸਮੇਂ ਸੈੱਲ ਫੋਨ ਤੇ ਗੱਲਾਂ ਕਰਨੀਆਂ, ਪੀਲੀ ਬੱਤੀ ਸਮੇਂ ਤੇਜ਼ੀ ਵਰਤ ਕੇ ਲੰਘ ਜਾਣਾ ਜਾਂ ਖ਼ਰਾਬ ਮੌਸਮ ਵਿੱਚ ਵੀ ਸਪੀਡ ਘੱਟ ਨਾ ਕਰਨੀ ਕੁਝ ਹੋਰ ਮਾੜੀਆਂ ਆਦਤਾਂ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀਆਂ ਮਾੜੀਆਂ ਆਦਤਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਭਾਵੇਂ ਆਦਤ ਬਦਲਣੀ ਬਹੁਤ ਔਖੀ ਹੁੰਦੀ ਹੈ ਪਰ ਅਸੰਭਵ ਨਹੀਂ ਹੁੰਦੀ ਜੇ ਕਰ ਅਸੀਂ:
1. ਖਾਸ ਸੁਭਾ ਜਾਂ ਆਦਤ ਦੀ ਪਹਿਚਾਣ ਕਰੀਏ।
2. ਸਭ ਤੋਂ ਮਾੜੀ ਆਦਤ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨ ਦੀ ਕੋਸ਼ਿਸ਼ ਕਰੀਏ।
3. ਹਮੇਸ਼ਾਂ ਇਹ ਸੋਚ ਬਣਾਈਏ ਅਤੇ ਪੜਚੋਲ ਕਰੀਏ ਕਿ ਚੰਗੀ ਆਦਤ ਦਾ ਕੀ ਲਾਭ ਹੈ।
ਜਿਸ ਮਾੜੀ ਆਦਤ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ, ਆਪਣੀ ਸੋਚ ਉਸ ਤੇ ਕੇਂਦ੍ਰਿਤ ਕਰੋ। ਉਸਦੇ ਚੰਗੇ ਮਾੜੇ ਸਿੱਟਿਆਂ, ਖਤਰੇ ਅਤੇ ਸਮੱਸਿਆਵਾਂ ਬਾਰੇ ਸੋਚੋ। ਚੰਗੀ ਆਦਤ ਦੇ ਲੰਬੇ ਸੇਫਟੀ ਰਿਕਾਰਡ, ਗੱਡੀ ਅਤੇ ਆਪਣੀ ਲੰਬੀ ਉਮਰ, ਗੈਸ ਦੀ ਬੱਚਤ ਆਦਿ ਬਾਰੇ ਸੋਚੋ। ਹੌਲੀ ਹੌਲੀ ਤੁਸੀਂ ਮਾੜੀ ਆਦਤ ਛੱਡ ਕੇ ਚੰਗੀ ਆਦਤ ਦੇ ਧਾਰਨੀ ਬਣ ਜਾਵੋਗੇ। ਤੁਸੀਂ ਆਪਣੇ ਆਪ ਤੇ ਸੱਚਾ ਮਾਣ ਮਹਿਸੂਸ ਕਰੋਗੇ।