14.7 C
Vancouver
Wednesday, May 29, 2024

ਟਰੱਕ ਟਾਇਰਾਂ ਦੀ ਕਵਾਲਿਟੀ ਅਤੇ ਘਸਾਈ ਸਬੰਧੀ ਧਿਆਨ ਹਿੱਤ ਗੱਲਾਂ

ਜਦੋਂ ਕੋਈ ਵੀ ਪੰਜਾਬੀ ਵੀਰ ਟਰੱਕ ਲੈਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਨਵੇਂ ਟਾਇਰਾਂ ਜਾਂ ਉਸਦੀ ਕਵਾਲਿਟੀ ਬਾਰੇ ਪੁੱਛਦਾ ਹੈ। ਪੁੱਛੇ ਵੀ ਕਿਉਂ ਨਾਂ ਕਿਉਂਕਿ ਟਾਇਰ ਇਸ ਵੇਲੇ ਬਹੁਤ ਹੀ ਮਹਿੰਗੇ ਹੋ ਗਏ ਹਨ। ਆਓ ਇਸ ਸਬੰਧੀ ਕੁਝ ਧਿਆਨਯੋਗ ਵਿਚਾਰਾਂ ਕਰੀਏ:
ਨਵੇ ਟਾਇਰ ਲੈਣ ਵੇਲੇ: ਜਦੋਂ ਤੁਸੀਂ ਨਵੇਂ ਟਾਇਰ ਲੈਂਦੇ ਹੋ ਹਮੇਸ਼ਾ ਵੱਡੀਆਂ ਕੰਪਨੀਆਂ ਅਤੇ ਵਧੀਆ ਕੁਆਲਿਟੀ ਦੇ ਟਾਇਰਾਂ ਦੀ ਗੱਲ ਕਰਦੇ ਹੋ। ਜਦੋਂ ਕਿ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਟਰੱਕ ਲੋਕਲ ਚਲਾਉਣਾ ਹੈ ਕਿ ਜਾਂ ਫਿਰ ਹੋਰ ਸਟੇਟਾਂ ਵਿਚ, ਕਿਸ ਗਤੀ ਤੇ ਚਲਾਉਣਾ ਹੈ, ਕਿਸ ਮੌਸਮ ਵਿਚ ਚਲਾਉਣਾ ਹੈ।

ਲੋਕਲ ਚੱਲਣ ਵਾਲੇ ਟਰੱਕ: ਜੇਕਰ ਤੁਸੀਂ ਲੋਕਲ ਚੱਲਦੇ ਹੋ ਤਾਂ ਤੁਹਾਨੂੰ ਨਵੇਂ ਟਾਇਰਾਂ ਤੇ ਪੈਸੇ ਨਹੀਂ ਖਰਚਣੇ ਚਾਹੀਦੇ। ਹਮੇਸ਼ਾ ਰੀਸੋਲ ਵਾਲੇ ਹੀ ਟਾਇਰ ਵਰਤੋ। ਲੋਕਲ ਵਿਚ ਸਾਰੀਆਂ ਮਿੱਟੀ ਦੀ ਢੁਆਈ ਕਰਨ ਵਾਲੀਆਂ ਕੰਪਨੀਆਂ ਹਮੇਸ਼ਾ ਰੀਸੋਲ ਟਾਇਰ ਹੀ ਪਾਉਂਦੀਆਂ ਹਨ। ਕਿਉਂਕਿ ਜੇਕਰ ਕਿਸੇ ਵੇਲੇ ਅੱਗੇ ਪਿੱਛੇ ਕਰਦੇ ਸਮੇਂ ਟਾਇਰ ਕਰਵ ਨਾਲ ਲਗ ਜਾਵੇ ਜਾਂ ਕਿਸੇ ਹੋਰ ਚੀਜ਼ ਨਾਲ ਲਗ ਕੇ ਫਟ ਜਾਵੇ ਤਾਂ ਟਾਇਰ ਰੀਸੋਲ ਸਸਤਾ ਹੀ ਮਿਲ ਜਾਂਦਾ ਹੈ। ਦੂਜਾ ਲੋਕਲ ਵਿਚ ਤਾਂ ਸਪੀਡ ਘਟ ਹੋਣ ਕਾਰਨ ਟਾਇਰ ਗਰਮ ਹੀ ਨਹੀਂ ਹੁੰਦਾ।ਜੇਕਰ ਤੁਸੀਂ ਮਿੱਟੀ ਤੇ ਕੰਮ ਕਰਦੇ ਹੋ ਤਾਂ ਤੁਸੀਂ ਰੀਸੋਲ ਰਬੜ ਓਪਨ ਗੁੱਡੀ ਵਾਲੀ ਅਤੇ ਸਖਤ ਰਬੜ ਵਾਲਾ ਟਾਇਰ ਪਾਵੋ।
ਜੇਕਰ ਤੁਸੀਂ ਕੰਟੇਨਰ ਉਪਰ ਜਾਂ ਓਨ ਰੋਡ ਲੋਕਲ ਕੰਮ ਕਰਦੇ ਹੋ ਇਥੋਂ ਤੱਕ ਜੇਕਰ ਲਾਸ ਐਂਜਲਸ ਤੋਂ ਵਾਸ਼ਿੰਗਟਨ 55 ਤੋਂ 65 ਮੀਲ ਦੀ ਸਪੀਡ ਤੇ ਚਲਦੇ ਹੋ ਤਾਂ ਟਾਇਰ ਨਰਮ ਗੁੱਡੀ ਵਾਲਾ ਅਤੇ ਕਲੋਜ਼ ਸ਼ੋਲਡਰ ਵਾਲਾ ਰੀਸੋਲ ਪਵਾ ਸਕਦੇ ਹੋ। ਜੇਕਰ ਤੁਸੀਂ ਆਪਣੇ ਪੁਰਾਣੇ ਟਾਇਰਾਂ ਨੂੰ ਰੀਸੋਲ ਆਪ ਕਰਵਾਉਂਦੇ ਹੋ ਤਾਂ ਇਹ ਸਭ ਤੋਂ ਵਧੀਆ ਸੁਝਾਅ ਹੈ ਕਿ ਤੁਸੀਂ ਕਿਤੋਂ ਸਟੀਅਰਿੰਗ ਦੇ ਟਾਇਰ ਲੈ ਕੇ ਗੁਡਯੀਅਰ ਕਲੋਜ਼ ਸ਼ੋਲਡਰ ਕੜੇ ਵਾਲੀ ਗੁੱਡੀ ਬਿਨ੍ਹਾਂ ਜੋੜ ਤੋਂ ਚਾੜ੍ਹ ਸਕਦੇ ਹੋ। ਯਕੀਨਨ ਨਵੇਂ ਵਰਜ਼ਨ ਟਾਇਰਾਂ ਨਾਲੋਂ ਵੀ ਜ਼ਿਆਦਾ ਚੱਲਣਗੇ।
ਅਲਾਇਨਮੈਂਟ ਅਤੇ ਵੀਲ੍ਹ ਬੈਲੈਂਸਿੰਘ ਦਾ ਸਬੰਧ ਟਾਇਰਾਂ ਨਾਲ ਬਹੁਤ ਹੀ ਗੂੜਾ ਹੈ। ਬਹੁਤੇ ਟਰੱਕਰ ਵੀਰ ਤਾਂ ਫਰੰਟ ਟਾਇਰ ਦੀ ਅਲਾਇਨਮੈਂਟ ਅਤੇ ਵੀਲ੍ਹ ਬੈਲੈਂਸਿੰਘ ਕਰਵਾ ਲੈਂਦੇ ਹਨ ਪਰ ਪਿਛਲੇ ਐਕਸਲ ਦੀ ਅਲਾਇਨਮੈਂਟ ਅਤੇ ਵੀਲ੍ਹ ਬੈਲੈਂਸਿੰਗ ਵੀ ਉਤਨੀ ਹੀ ਜ਼ਰੂਰੀ ਹੈ ਜਿਤਨੀ ਕਿ ਫਰੰਟ ਦੀ। ਹੁਣ ਤੱਕ ਮੈਂ ਆਪਣੇ ਕਾਰਜ ਕਾਲ ਵਿਚ ਸਿਰਫ ਇਕੋ ਹੀ ਕੰਪਨੀ ਸੀ ਐਫ ਆਈ ਅਤੇ ਕੌਨਵੇਅ ਦੇਖੀ ਹੈ ਜੋ ਟਾਇਰਾਂ ਸਬੰਧੀ ਬਰੀਕੀਆਂ ਉਤੇ ਖਾਸ ਧਿਆਨ ਦਿੰਦੀ ਹੈ।
ਟਾਇਰਾਂ ਵਿਚ ਡੱਬ ਪੈਣਾ: ਆਮ ਤੌਰ ਤੇ ਜੇਕਰ ਕਿਸੇ ਟਾਇਰ ਵਿਚ ਕਿਸੇ ਕਾਰਣ ਹਵਾ ਘਟ ਜਾਵੇ ਤਾਂ ਉਸ ਘਟੀ ਹਵਾ ਕਾਰਨ ਟਾਇਰ ਵਿਚ ਡੱਬ ਪੈ ਜਾਂਦੇ ਹਨ।
ਪਰ ਜੇਕਰ ਸਾਰੇ ਟਾਇਰਾਂ ਵਿਚ ਡੱਬ (ਕੱਟ) ਲਗ ਜਾਣ ਤਾਂ ਸਮਝੋ ਅਲਾਇਨਮੈਂਟ ਦੀ ਲੋੜ ਹੈ ਇਹ ਵੀ ਪਤਾ ਕਰੋ ਕਿ ਕਿਤੇ ਬੈਰਿੰਗ ਤਾਂ ਨਹੀਂ ਖਰਾਬ ਹੋ ਗਏ। ਜੇਕਰ ਹੋ ਸਕੇ ਸਾਰੇ ਟਾਇਰਾਂ ਦੀ 50,000 ਮੀਲ ਕੈਂਚੀ (ਕਰਾਸ) ਜ਼ਰੂਰ ਮਾਰੋ ਇਸ ਤਰ੍ਹਾਂ ਸਾਰੇ ਟਾਇਰ ਬਰਾਬਰ ਘਸਣਗੇ।
ਸ਼ੌਕਰਾਂ ਸਬੰਧੀ ਗੱਲਾਂ: ਹੁਣ ਜੋ ਮੈਂ ਗੱਲ ਕਹਿਣ ਜਾ ਰਿਹਾ ਹਾਂ ਬਹੁਤੇ ਮੇਰੇ ਵੀਰ ਸ਼ਾਇਦ ਮੇਰੀ ਗਲ ਨਾਲ ਸਹਿਮਤ ਨਾ ਹੋਣ। ਕੁਝ ਮਕੈਨਿਕ ਜਾਂ ਟਰੱਕਰ ਵੀਰ ਕਹਿੰਦੇ ਹਨ ਕਿ ਜੇਕਰ ਸ਼ੌਕਰ ਲੂਜ਼ ਜਾਂ ਢਿੱਲਾ ਹੋ ਜਾਵੇ ਤਾਂ ਟਾਇਰਾਂ ਵਿਚ ਡੱਬ ਪੈ ਜਾਂਦੇ ਹਨ। ਇਹ ਧਾਰਨਾ ਬਿਲਕੁਲ ਗਲਤ ਹੈ ਕਿਉਂਕਿ ਪੁਰਾਣੇ ਸਮੇਂ ਵਿਚ ਤਾਂ ਟਰੱਕ ਜਾਂ ਗੱਡੀਆਂ ਸਿਰਫ ਕਮਾਣੀਆਂ ਉਪਰ ਹੀ ਚਲਦੀਆਂ ਸਨ।ਸ਼ੌਕਰ ਹੁੰਦੇ ਹੀ ਨਹੀਂ ਸਨ। ਸ਼ੌਕਰ ਟਾਇਰ ਨੂੰ ਟੋਏ ਵਿਚ ਡਿਗਣ ਜਾਂ ਸੱਟ ਲੱਗਣ ਤੋਂ ਨਹੀਂ ਬਚਾਉਂਦਾ। ਸ਼ੌਕਰ ਡਿਗੇ ਹੋਏ ਟਾਇਰ ਦੀ ਸੱਟ ਚੈਸੀ ਜਾਂ ਕੈਬ ਨੂੰ ਹੀ ਲੱਗਣ ਤੋਂ ਬਚਾਉਂਦਾ ਹੈ। ਜੇਕਰ ਸ਼ੌਕਰ ਮਾੜੇ ਹਨ ਇਸ ਨਾਲ ਟਾਇਰਾਂ ਦੀ ਘਸਾਈ ਜਾਂ ਵੀਲ੍ਹ ਬੈਲੈਂਸਿੰਗ ਜਾ ਅਲਾਈਨਮੈਂਟ ਦਾ ਕੋਈ ਸਬੰਧ ਨਹੀਂ ਹੈ।
ਸ਼ੌਕਰ ਦਾ ਮਤਲਬ ਹੈ ਟਾਇਰ ਦੇ ਖੱਡੇ ਵਿਚ ਡਿੱਗਣ ਉਪਰੰਤ ਆਈ ਕੰਬਣ ਪ੍ਰਕਿਰਿਆ ਨੂੰ ਆਪਣੇ ਵਿਚ ਸਮਾ ਲੈਣਾ ਜਾਂ ਸ਼ੌਕ ਨੂੰ ਉਪਰਲੀ ਅਵਸਥਾ ਵਿਚ ਪਹੁੰਚਣ ਤੋਂ ਰੋਕਣਾ ਹੈ।
ਹਵਾ ਪੈ੍ਰਸ਼ਰ: ਬਹੁਤ ਸਾਰੇ ਟਰੱਕਰ ਵੀਰ ਇਸ ਨੂੰ ਬਹੁਤ ਵੱਡਾ ਕੰਮ ਸਮਝਦੇ ਹਨ ਕਿ ਕਿਹੜਾ ਬਾਰ ਬਾਰ ਹਵਾ ਦੇ ਪਰੈਸ਼ਰ ਨੂੰ ਚੈੱਕ ਕਰੂ। ਤੁਹਾਨੂੰ ਮੈਂ ਬਹੁਤ ਸੌਖਾ ਤਰੀਕਾ ਦੱਸ ਦਿੰਦਾ ਹਾਂ। ਤੁਹਾਨੂੰ ਕੋਈ ਡੰਡਾ ਜਾਂ ਹਥੌੜੇ ਨਾਲ ਹਵਾ ਚੈੱਕ ਕਰਨ ਦੀ ਲੌੜ ਨਹੀਂ। ਜਦੋਂ ਕਿਸੇ ਟਾਇਰ ਵਿਚ ਹਵਾ ਘੱਟ ਹਵੋਗੀ ਟਰੱਕ ਲੋਡ ਅਵਸਥਾ ਵਿਚ ਘੱਟ ਹਵਾ ਵਾਲਾ ਟਾਇਰ ਸਟ੍ਰੈੱਸ ਜਾਂ ਦੱਬਿਆ ਹੋਇਆ ਵਿਖਾਈ ਦੇਵੇਗਾ। ਟਰੱਕ ਦੇ ਖਾਲੀ ਅਵਸਥਾ ਵਿਚ ਹੋਣ ਤੇ ਘੱਟ ਹਵਾ ਵਾਲਾ ਟਾਇਰ ਹੋਰਾਂ ਟਾਇਰਾਂ ਨਾਲੋਂ ਰਿਲੈਕਸ ਅਤੇ ਢਿੱਲਾ ਵਿਖਾਈ ਦੇਵੇਗਾ। ਇਸ ਤਰ੍ਹਾਂ ਉਪਰ ਲਿਖੀਆਂ ਵਿਧੀਆ ਅਨੁਸਾਰ ਤੁਸੀਂ ਟਰੱਕ ਟਾਇਰਾਂ ਦੇ ਵਾਧੂ ਖਰਚੇ ਨੂੰ ਨੱਥ ਪਾ ਸਕਦੇ ਹੋ।ਜੇਕਰ ਮੇਰੇ ਕਿਸੇ ਟਰੱਕਰ ਵੀਰ ਕੋਲ ਕੁਝ ਹੋਰ ਸੁਝਾਅ ਹਨ ਤਾਂ ਉਹ ਸਾਨੂੰ ਲਿਖ ਕੇ ਭੇਜੇ ਹੈ ਤਾਂ ਜੋ ਅਸੀਂ ਟਰੱਕਰ ਵੀਰਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਮੁਹੱਈਆ ਕਰਵਾ ਸਕੀਏ।