ਸਮਾਂ ਬੀਤਣ ਨਾਲ ਟਰੱਕ ਇੰਡਸਟਰੀ ਵਿੱਚ ਵੀ ਹਿਊਮਨ ਰੀਸੋਰਸਜ਼ ਵਿੱਚ ਤਬਦੀਲੀ ਆ ਗਈ ਹੈ।ਇੱਕ ਸਮਾਂ ਸੀ ਜਦ ਟਰੱਕਾਂ ਵਾਲਿਆਂ ਦੇ ਪੁੱਤਰ ਹੀ ਟਰੱਕ ਵਾਲੇ ਹੁੰਦੇ ਸਨ ਅਤੇ ਇੱਕ ਜੁਟਤਾ ਮਾਦਾ ਉਨਾਂ ਦੇ ਖੂਨ ਵਿੱਚ ਹੀ ਹੁੰਦਾ ਸੀ।ਉਹ ਪੀੜ੍ਹੀ ਦਰ ਪੀੜ੍ਹੀ ਇੰਡਸਟਰੀ ਵਿੱਚ ਸ਼ਾਮਲ ਹੁਂੰਦੇ ਰਹਿੰਦੇ ਸਨ ਅਤੇ ਹੌਲੀ ਹੌਲੀ ਉਹ ਸੱਭ ਕੁਝ ਸਿੱਖ ਲੈਂਦੇ ਸਨ ਜੋ ਵਹੀਕਲ ਦੀ ਮਸ਼ੀਨ ਨੂੰ ਸੇਫ਼ਲੀ ਚਲਾਉਣ ਲਈ ਜ਼ਰੂਰੀ ਹੁੰਦਾ ਸੀ।
ਅੱਜ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਜਾਣ ਵਾਲੇ ਗਿਆਨ ਅਤੇ ਉਹ ਕਾਮਨ ਸੈਨਸ ਜੋ ਇਸ ਇੰਡਸਟਰੀ ਦਾ ਅਨਿੱਖੜਵਾਂ ਅੰਗ ਹੁੰਦੀ ਸੀ____ਦੀ ਥਾਂ ਸਰਕਾਰੀ ਕਨੂੰਨਾਂ ਅਤੇ ਸੀਮਿਤ ਗਿਆਨ ਨੇ ਲੈ ਲਈ ਹੈ।ਪਿਛਲੇ ਸਮੇਂ ਵਿੱਚ ਟਰੱਕ ਬਾਰੇ ਜੋ ਗਿਆਨ ਡਰਾਈਵਰ ਨੂੰ ਰੱਖਣਾ ਪੈਂਦਾ ਸੀ, ਦੀ ਥਾਂ ਹੁਣ ਤਕਨਾਲੋਜੀ ਨੇ ਲੈ ਲਈ ਹੈ।ਪਰ ਕੀ ਹੁੰਦਾ ਹੈ ਜਦ ਤਕਨਾਲੋਜੀ ਫ਼ੇਲ ਹੋ ਜਾਂਦੀ ਹੈ? ਕੀ ਸਾਨੂੰ ਡਰਾਈਵਰਜ਼ ਨੂੰ ਆਪਣੇ ਵਹੀਕਲ ਬਾਰੇ ਵੱਧ ਤੋਂ ਵੱਧ ਜਾਣਕਾਰੀ ਨਹੀਂ ਰੱਖਣੀ ਚਾਹੀਦੀ? ਕੀ ਸਾਨੂੰ ਵਹੀਕਲ ਦੇ ਵੱਖ ਵੱਖ ਸਿਸਟਮਜ਼ ਦਾ ਕਾਫੀ ਗਿਆਨ ਨਹੀਂ ਹੋਣਾ ਚਾਹੀਦਾ ? ਭਾਂਵੇਂ ਅਸੀਂ ਆਪਣਾ ਜਾਂ ਕਿਸੇ ਹੋਰ ਮਾਲਕ ਦਾ ਵਹੀਕਲ ਚਲਾ ਰਹੇ ਹਾਂ ਤਾਂ ਕੀ ਇਸ ਜਾਣਕਾਰੀ ਨਾਲ ਕੁਝ ਰੁਕਾਵਟਾਂ ਘੱਟ ਨਹੀਂ ਹੋ ਸਕਦੀਆਂ? ਕੀ ਸਾਡਾ ਇਹ ਗਿਆਨ ਡਿਸਪੈਚਰਜ਼ ਦਾ ਸਾਡੇ ਵਿੱਚ ਵਿਸ਼ਵਾਸ਼ ਨਹੀਂ ਵਧਾਏਗਾ ?
ਉਪਰੋਕਤ ਸਾਰੇ ਪ੍ਰਸ਼ਨਾਂ ਦਾ ਉੱਤਰ ਇੱਕ ਹੈ-‘ਜ਼ਰੂਰ’। ਪਰ ਅਜੋਕੇ ਸਮੇਂ ਵਿੱਚ ਜਦੋਂ ਅਸੀਂ ਪਿਤਾ-ਪੁਰਖੀ ਗਿਆਨ ਤੋਂ ਵਾਂਜੇ ਹਾਂ ਤਾਂ ਕੀ ਅਸੀਂ ਉਹ ਮੁਹਾਰਤ ਪ੍ਰਾਪਤ ਕਰ ਸਕਦੇ ਹਾਂ? ਕਮਰਸ਼ੀਅਲ ਡਰਾਈਵਰ ਦੇ ਤੌਰ ਤੇ ਅੱਜ ਅਸੀਂ ਕੇਵਲ ਸਟੀਅਰਿੰਗ ਵਹੀਲ ਪਕੜਨ ਵਾਲੇ ਜਾਂ ਗੀਅਰ ਬਦਲਣ ਵਾਲੇ ਹੀ ਨਹੀਂ ਹਾਂ, ਇਹ ਤਾਂ ਇਸ ਕਿੱਤੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ।ਅੱਜ ਲੋੜ ਹੈ ਡਰਾਈਵਰ ਨੂੰ 62 ਰਾਜਾਂ ਦੇ ਕਾਇਦੇ ਕਨੂੰਨਾਂ ਦਾ ਅਤੇ ਦੋ ਰਾਸ਼ਟਰਾਂ ਦੇ ਕਾਇਦੇ ਕਨੂੰਨਾਂ ਦਾ ਡੂੰਘਾ ਗਿਆਨ ਰੱਖਣ ਦੀ। ਸਾਨੂੰ ਆਮ ਲੋਕਾਂ ਜੋ ਸਾਡੇ ਨਾਲ ਸੜਕਾਂ ਸ਼ੇਅਰ ਕਰਦੇ ਹਨ ਦੀਆਂ ਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ।ਸਾਨੂੰ ਸਮਝਣ ਦੀ ਲੋੜ ਹੈ ਕਿ ਡਰਾਈਵ ਕਰ ਰਹੇ ਆਮ ਲੋਕ ਸਾਡੇ ਨਾਲੋਂ ਘੱਟ ਸਕਿਲਡ ਹੁੰਦੇ ਹਨ ਪਰ ਉਨ੍ਹਾਂ ਦੀ ਸੋਚ ਇਸਦੇ ਉਲਟ ਹੁੰਦੀ ਹੈ।ਟਰੱਕ ਡਰਾਈਵਰਾਂ ਬਾਰੇ ਉਨ੍ਹਾਂ ਦਾ ਨਜ਼ਰੀਆ ਘੱਟੀਆ ਹੁੰਦਾ ਹੈ।
ਅਸੀਂ ਆਪਣੇ ਟਰੱਕ ਬਾਰੇ ਜਿੰਨਾਂ ਜਾਣਦੇ ਹਾਂ ਨਾਲੋਂ ਕਿਤੇ ਵੱਧ ਜਾਣਕਾਰੀ ਦੀ ਸਾਨੂੰ ਲੋੜ ਹੁੰਦੀ ਹੈ।ਭਾਵੇਂ ਅਸੀਂ ਮਕੈਨੀਕਲ ਪੱਖ ਤੇ ਕੋਈ ਟ੍ਰੇਨਿੰਗ ਨਹੀਂ ਲਈ ਹੁੰਦੀ ਪਰ ਨਿਯਮ ਮੰਗ ਕਰਦੇ ਹਨ ਕਿ ਅਸੀਂ “ਸਰਕਲ ਚੈੱਕ” ਕਰੀਏ ਜਿਸ ਵਿੱਚ ਮਕੈਨੀਕਲ ਪੱਖ ਵੀ ਸ਼ਾਮਲ ਹੋਵੇ।ਆਮ ਤੌਰ ਤੇ “ਸਰਕਲ ਚੈੱਕ” ਸਮੇਂ ਡਰਾਈਵਰ ਲੋੜੀਂਦੇ ਹਿੱਸੇ ਪੁਰਜ਼ੇ ਨੂੰ ਹੀ ਵੇਖਦੇ ਹਨ ਕਿ ਕੀ ਉਹ ਕੰਮ ਕਰ ਰਿਹਾ ਹੈ।ਪਰ ਲੋੜ ਇਸ ਤੋਂ ਵੱਧ ਹੁੰਦੀ ਹੈ ਅਤੇ ਇਹ ਪਰਖਣਾਂ ਵੀ ਜ਼ਰੂਰੀ ਹੈ ਕਿ ਉਸ ਕਲ-ਪੁਰਜ਼ੇ ਦੀ ਕੰਡੀਸ਼ਨ ਕੀ ਹੈ ਅਤੇ ਕੀ ਟਰਿੱਪ ਠੀਕ ਠਾਕ ਲੰਘ ਜਾਵੇਗਾ ਜਾਂਕੀ ਸੁਰੱਖਿਆ ਪੱਖੋਂ ਕਲ-ਪੁਰਜ਼ਾ ਬਦਲ ਲੈਣਾ ਚਾਹੀਦਾ ਹੈ?
ਬਰੇਕਸ ਦੀ ਗੱਲ ਕਰਦੇ ਹਾਂ।ਇਹ ਐਸਾ ਇਸ਼ੂ ਹੈ ਜਿਸ ਵੱਲ ਬਹੁਤ ਵਧੇਰੇ ਧਿਆਨ ਦੇਣ ਦੀ ਲੋੜ ਹੈ।ਸਭ ਤੋਂ ਪਹਿਲਾਂ ਟਰੈਡਲ ਵਾਲਵ ਦੀ ਗੱਲ ਕਰੀਏ।ਕਿਉਂਕਿ ਅਸੀਂ ਉੱਤਰੀ ਖੇਤਰ ਵਾਲੇ ਜਲਵਾਯੂ ਅਤੇ ਲੂਣ ਨਾਲ ਬਰਫ਼ ਨੂੰ ਕੰਟਰੋਲ ਕਰਨ ਵਾਲੇ ਖੇਤਰ ਵਿੱਚ ਚਲਦੇ ਹਾਂ ਇਸ ਲਈ ਸਾਡੇ ਟਰੱਕ ਵਿੱਚ ਐਸੇ ਪਦਾਰਥ ਵੜ ਜਾਂਦੇ ਹਨ ਜੋ ਬਰੇਕ ਪੈਡਲ ਦੇ ਵਾਲਵ ਨੂੰ (ਜੋ ਸਾਡੇ ਬਰੇਕ ਪੈਡਲ ਦਾ ਮੁੱਖ ਧੁਰਾ ਹੈ) ਗਾਲ ਦਿੰਦੇ ਹਨ।ਹੁਣ ਸੋਚੋ ਕਿ ਐਸੇ ਵਕਤ ਤੇ ਜਦੋਂ ਬਰੇਕ ਦੀ ਅਤਿਅੰਤ ਲੋੜ ਹੋਵੇ ਪਰ ਬਰੇਕ ਦਾ ਟਰੈਡਲ ਵਾਲਵ ਫੇਲ੍ਹ ਹੋ ਜਾਵੇ ਤਾਂ ਕੀ ਹੋਵੇਗਾ? ਬਰੇਕਿੰਗ ਸਿਸਟਮ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਏਅਰ ਕੰਪੋਨੈਂਟ ਹੈ।ਖਾਸ ਕਰ ਠੰਡੇ ਮੌਸਮ ਵਿੱਚ ਹਵਾ ਦੀਆਂ ਨਾਲੀਆਂ ਵਿੱਚ ਮਾਇਸਚਰ ਨਹੀਂ ਹੋਣਾ ਚਾਹੀਦਾ।ਏਅਰ ਸਪਲਾਈ ਸਿਸਟਮ ਦੇ ਅੰਦਰਲੇ ਬਰਫ਼ ਦੇ ਕਣ ਬਰੇਕ ਫੇਲ੍ਹ ਕਰ ਸਕਦੇ ਹਨ।
ਜੇਕਰ ਤਾਪਮਾਨ ਜਮਾਓ ਦਰਜ਼ੇ ਤੋਂ ਥੱਲੇ ਹੈ ਅਤੇ ਨਮਕ ਪਾਣੀ ਨੂੰ ਠੋਸ ਹੋਣ ਤੋਂ ਰੋਕਣ ਵਿੱਚ ਅਸਮਰੱਥ ਹੈ ਤਾਂ ਬਰੇਕਾਂ ਦੀ ਇੱਕ ਹੋਰ ਸਮੱਸਿਆ ਪੈਂਦਾ ਹੋ ਸਕਦੀ ਹੈ।ਹੁੰਦਾ ਇਹ ਹੈ ਕਿ ਜਦੋਂ ਤੁਹਾਨੂੰ ਖੜ੍ਹੇ ਪਾਣੀ ਵਿੱਚੋਂ ਮਨਫ਼ੀ ਤਾਪਮਾਨ ਵਿੱਚ ਲੰਘਣਾ ਜਰੂਰੀ ਹੋ ਜਾਂਦਾ ਹੈ ਤਾਂ ਬਰੇਕ ਸ਼ੂਜ਼ ਅਤੇ ਬਰੇਕ ਡਰੰਮਜ਼ ਵਿਚਲਾ ਪਾਣੀ ਤੁਹਾਡੇ ਲੰਘਣ ਸਾਰ ਜੰਮ ਜਾਵੇਗਾ।ਜੇ ਤੁਹਾਨੂੰ ਬਰੇਕਸ ਦੇ ਸੁੱਕ ਜਾਣ ਤੋਂ ਪਹਿਲਾਂ ਰੁਕਣਾ ਪੈ ਗਿਆ ਤਾਂ ਪਹੀਏ ਲਾਕ-ਅੱਪ ਹੋ ਜਾਣਗੇ ਅਤੇ ਬਰੇਕ ਡਰੰਮਜ਼ ਕਿਸੇ ਨਾ ਕਿਸੇ ਤਰ੍ਹਾਂ ਗਰਮ ਕਰਕੇ ਬਰਫ ਨੂੰ ਪਿਘਲਾਉਣਾ ਪਵੇਗਾ।ਅਜੇਹੀ ਸਮੱਸਿਆ ਉਤਪਨ ਹੋਣ ਤੋਂ ਪਹਿਲਾਂ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ।ਜਦੋਂ ਤੁਸੀਂ ਦੇਖੋ ਕਿ ਖੜਾ ਪਾਣੀ ਨੇੜੇ ਆ ਗਿਆ ਹੈ ਤਾਂ ਲਗਭਗ ਤਿੰਨ ਜਾਂ ਚਾਰ ਪੌਂਡ ਬਰੇਕ ਦਬਾਓ ਅਤੇ ਜਿੰਨਾਂ ਚਿਰ ਸਾਰਾ ਪਾਣੀ ਲੰਘ ਨਾ ਜਾਵੋ ਇਹ ਮਮੂਲੀ ਬਰੇਕ ਲਗਾਈ ਰੱਖੋ।ਇਸ ਨਾਲ ਬਰੇਕ ਡਰੰਮਜ਼ ਗਰਮ ਰਹਿਣਗੇ ਅਤੇ ਪਾਣੀ ਨੂੰ ਸੁਕਾਈ ਜਾਣਗੇ।
ਡਰਾਈਵਰਜ਼ ਵਾਸਤੇ ਇੱਕ ਹੋਰ ਨੁਕਤਾ ਬਹੁਤ ਮਹੱਤਵਪੂਰਨ ਹੈ।ਆਮ ਤੌਰ ਤੇ ਅਸੀਂ ਕੋਈ ਵੀ ਰੀਪੇਅਰ ਕਰਵਾਉਣ ਲੱਗਿਆ ਬੱਚਤ ਵੱਲ ਵਧੇਰੇ ਝੁਕਾ ਰੱਖਦੇ ਹਾਂ ਅਤੇ ਉਹ ਕਲ-ਪੁਰਜ਼ੇ ਵਰਤਦੇ ਹਾਂ ਜੋ ਸਸਤੇ ਹੋਣ ਭਾਵੇਂ ਉਹ ਨਿਰਧਾਰਤ ਸਪੈਸੀਫੀਕੇਸ਼ਨਜ਼ ਦੇ ਨਾ ਵੀ ਹੋਣ।ਮੈਂ ਸਮਝਦਾ ਹਾਂ “ਪੈਸੇ ਬਚਾਉਣ ਲਈ ਸਸਤਾ ਖਰੀਦਣਾ ਉਸੇ ਤਰਾਂ ਹੈ ਜਿਵੇਂ ਸਮਾਂ ਬਚਾਉਣ ਲਈ ਕਲਾਕ ਨੂੰ ਰੋਕ ਦੇਣਾ”। ਕਈ ਥਾਵਾਂ ਤੇ ਪੈਸੇ ਬਚਾਉਣ ਲਈ ਸਸਤਾ ਖਰੀਦਣਾ ਬਹੁਤਾ ਨੁਕਸਾਨ ਦਾਇਕ ਨਹੀਂ ਹੁੰਦਾ ਪਰ ਕਈ ਥਾਵਾਂ ਤੇ ਸਸਤਾ ਖਰੀਦਣਾ ਤੁਹਾਡੇ ਲਈ ਆਫ਼ਤ ਲਿਆ ਸਕਦਾ ਹੈ।ਆਮ ਤੌਰ ਤੇ ਟਰੱਕ-ਟਰੇਲਰ ਦੇ ਮਹੱਤਵਪੂਰਨ ਪੁਰਜ਼ੇ ਸਸਤੇ ਖਰੀਦਣ ਨਾਲ ਸਮੱਸਿਆਵਾਂ ਆਉਂਦੀਆਂ ਹੀ ਹਨ।ਖਰੀਦਣ ਵੇਲੇ ਪੁਰਜ਼ੇ ਦੀ ਮਹੱਤਾ ਦਾ ਧਿਆਨ ਰੱਖੋ।ਬਰੇਕ ਸਿਸਟਮ ਲਈ ਕੁਝ ਵੀ ਸਸਤਾ ਖਰੀਦਣਾ ਸਿਆਣਪ ਨਹੀਂ ਹੈ।ਇਹ ਉਹ ਖੇਤਰ ਹੈ ਜਿੱਥੇ ਕੇਵਲ ਓਰਿਜਨਲ ਪੁਰਜ਼ੇ ਹੀ ਵਰਤੇ ਜਾਣ।ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ।
ਡਰਾਈਵਰਜ਼ ਦੇ ਆਪਣੇ ਜੀਵਨ ਦਾ ਸਵਾਲ ਹੈ।ਕੀ ਤੁਸੀਂ ਸਟੈਂਡਰਡ ਕਲ ਪੁਰਜ਼ੇ ਨਾ ਖਰੀਦ ਕੇ ਇਸ ਨੂੰ ਦਾਅ ਤੇ ਲਾਉਣਾ ਚਾਹੁੰਦੇ ਹੋ ? ਕੀ ਤੁਸੀਂ ਉਹਨਾਂ ਲੋਕਾਂ ਦਾ ਜੀਵਨ ਖਤਰੇ ਵਿੱਚ ਪਾਉਣਾ ਚਾਹੁੰਦੇ ਹੋ ਜੋ ਤੁਹਾਡੇ ਨਾਲ ਸੜਕ ਸ਼ੇਅਰ ਕਰ ਰਹੇ ਹਨ?