ਕਰੈਡਿਟ ਕਾਰਡ ਦੀ ਸਹੀ ਵਰਤੋਂ
ਇੱਕ ਪੁਰਾਣੀ ਕਹਾਵਤ ਹੈ ਕਿ ਮਿਲਦੇ ਕਰਜ਼ੇ ਤੋਂ ਅਤੇ ਪੈਂਦੀ ਧਾੜ ਤੋਂ ਬਚਣ ‘ਚ ਹੀ ਭਲਾ ਹੈ। ਪਰ ਹੁਣ ਜ਼ਿੰਦਗੀ ਕੁੱਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਤੁਹਾਨੂੰ ਉਧਾਰ ਵੀ ਚੁੱਕਣਾ ਪੈਂਦਾ ਹੈ ਅਤੇ ਕਰੈਡਿਟ ਕਾਰਡਾਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਪਰ ਜਿੰਨਾ ਘੱਟ ਉਧਾਰ ਚੁੱਕਿਆ ਜਾਵੇ ਉੱਨਾ ਹੀ ਚੰਗਾ ਹੈ। ਕਿਉਂ ਕਿ ਵਿਆਜ ‘ਤੇ ਵਿਆਜ ਚੜ੍ਹਨ ਨਾਲ ਕਰਜ਼ਾ ਜੇ ਸਮੇਂ ਸਿਰ ਨਾ ਮੋੜਿਆ ਜਾਵੇ ਤਾਂ ਵਧਦਾ ਹੀ ਜਾਂਦਾ ਹੈ ਅਤੇ ਕਈ ਵਾਰ ਤਾਂ ਬੈਂਕਰਪਟਸੀ ਦੀ ਹਾਲਤ ਆ ਜਾਂਦੀ ਹੈ । ਕੁੱਝ ਹਾਲਤਾਂ ‘ਚ ਹੱਸਦੇ ਵੱਸਦੇ ਪਰਿਵਾਰ ਵੀ ਖੇਰੂੰ ਖੇਰੂੰ ਹੋ ਜਾਂਦੇ ਹਨ। ਆਮ ਕਰਕੇ ਬਹੁਤਾ ਖਰਚ ਕਰੈਡਿਟ ਕਾਰਡਾਂ ਰਾਹੀਂ ਹੀ ਕੀਤਾ ਜਾਂਦਾ ਹੈ ਇਸ ਲਈ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਅਤੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਕਰੈਡਿਟ ਕਾਰਡ ਜਾਂ ਵੀਜ਼ੇ ਦੀ ਵਰਤੋਂ ਕਰਨ ਸਮੇਂ ਕਈ ਵਾਰ ਅਸੀਂ ਲੋੜ ਨਾਲੋਂ ਵੱਧ ਚੀਜ਼ਾਂ ਖਰੀਦ ਕੇ ਵਾਧੂ ਖਰਚ ਕਰ ਲੈਂਦੇ ਹਾਂ।ਇਸ ਲਈ ਇਸ ਤਰ੍ਹਾਂ ਦੀ ਆਦਤ ਤੋਂ ਬਚਣ ‘ਚ ਹੀ ਭਲਾ ਹੈ। ਇਸ ਲਈ ਕਿਸੇ ਮਾਹਿਰ ਵੱਲੋਂ ਇਨ੍ਹਾਂ ਦੀ ਵਰਤੋਂ ਸਬੰਧੀ ਹੇਠਾਂ ਕੁੱਝ ਨੁਕਤੇ ਦਿੱਤੇ ਹਨ:
· ਆਪਣੇ ਕਰੈਡਿਟ ਕਾਰਡ ਦੀਆਂ ਸ਼ਰਤਾਂ ਨੂੰ ਪੜ੍ਹੋ। ਇਹ ਸ਼ਰਤਾਂ ਕਾਰਡ ਉਤੇ ਬਹੁਤ ਬਰੀਕ ਛਾਪੇ ਵਿੱਚ ਲਿਖੀਆਂ ਹੁੰਦੀਆਂ ਹਨ। ਇਸ ਵਿੱਚ ਪਹਿਲੇ ਸ਼ੁਰੂ ਹੋਣ ਵਾਲੇ ਵਿਆਜ਼ ਦੀ ਦਰ ਦਿੱਤੀ ਹੁੰਦੀ ਹੈ। ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਇਹ ਵਿਆਜ ਦੀ ਦਰ ਅਗਲੇ ਸਮੇਂ ‘ਚ ਕਿੰਨੀ ਵਧ ਜਾਏਗੀ। ਫਿਰ ਅੰਦਾਜ਼ਾ ਲਾਓ ਕਿ ਵਾਰਸ਼ਕ ਫੀਸਾਂ ਲਈ ਤੁਹਾਨੂੰ ਕਿੰਨੀ ਰਕਮ ਤਾਰਨੀ ਪਏਗੀ।
· ਆਪਣੀ ਕਰਜ਼ਾ-ਹੱਦ ਦੇ ਪੰਜਵੇਂ ਹਿੱਸੇ ਤੋਂ ਵੱਧ ਉਧਾਰ ਨਾ ਚੱਕੋ।
· ਖਰਚੇ ਸੰਬੰਧੀ ਕਾਗਜ਼ ਪੱਤਰਾਂ ਨੂੰ ਧਿਆਨ ਨਾਲ ਪੜ੍ਹੋ। ਕਰੈਡਿਟ ਕਾਰਡ ਕੰਪਨੀਆਂ ਵੀ ਗਲਤੀ ਕਰ ਸਕਦੀਆਂ ਹਨ।
· ਜਿੱਥੇ ਤੁਸੀਂ ਨਕਦੀ ਦੇ ਸਕਦੇ ਹੋ ਉੱਥੇ ਕਰੈਡਿਟ ਕਾਰਡ ਦੀ ਵਰਤੋਂ ਨਾ ਕਰੋ। ਬਹੁਤ ਸਾਰੀਆਂ ਕੰਪਨੀਆਂ ਕਾਰਡ ਵਿੱਚ ਲਈ ਗਈ ਹਰ ਰਕਮ ਦਾ 3% ਤੋਂ 5% ਮਿਹਨਤਾਨਾ ਵਸੂਲ ਲੈਂਦੀਆਂ ਹਨ। ਇਹ ਵੀ ਯਾਦ ਰਹੇ ਕਿ ਜਿੳਂੁ ਹੀ ਰਕਮ ਕਰੈਡਿਟ ਕਾਰਡ ਤੋਂ ਲਈ ਜਾਂਦੀ ਹੈ, ਵਿਆਜ ਪੈਣਾ ਸ਼ੁਰੂ ਹੋ ਜਾਂਦਾ ਹੈ।
· ਜੇਕਰ ਕਰੈਡਿਟ ਕਾਰਡ ਤੋਂ ਕੋਈ ਐਡਵਾਂਸ ਨਾ ਲਿਆ ਹੋਵੇ ਤਾਂ ਤਹਾਨੂੰ ਕੰਪਨੀ ਵਲੋਂ ਇੱਕ ਗਰੇਸ ਪੀਰੀਅਡ ਮਿਲਦਾ ਹੈ। ਇਹ ਵੀ ਦੇਖੋ ਤੁਹਾਡਾ ਕਰਜ਼ਾ ਕਦੋ ਸ਼ੁਰੂ ਹੋਇਆ ਤੇ ਇਸ ਰਕਮ ਦੇ ਮੋੜਨ ਦੀ ਕਿਹੜੀ ਤਾਰੀਖ ਹੈ। ਵੱਡੀਆਂ ਰਕਮਾਂ ਉਦਂੋ ਕਢਵਾਓ ਜਦੋਂ ਤੁਹਾਨੂੰ ਕੰਪਨੀ ਵਲੋਂ ਕਾਗਜ਼ ਪੱਤਰ ਮਿਲ ਜਾਣ। ਇਸ ਤਰ੍ਹਾਂ ਕਰਨ ਨਾਲ ਵੱਡੀ ਰਕਮ ਮਾਮਲੇ ਅਗਲੇ ਬਿੱਲ ਵਿੱਚ ਲਿਖੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਿਆਜ਼ ਸ਼ੁਰੂ ਹੋਣ ਤੋਂ ਪਹਿਲਾਂ ਦੋ ਮਹੀਨੇ ਦਾ ਸਮਾਂ ਮਿਲ ਜਾਏਗਾ ਤੇ ਤੁਸੀਂ ਕਰਜ਼ਾ ਮੋੜ ਸਕਦੇ ਹੋ।
· ਇਨ੍ਹਾਂ ਕਰੈਡਿਟ ਕਾਰਡਾਂ ਬਾਰੇ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੀਆਂ ਚਿੱਠੀਆਂ ਨੂੰ ਨਾ ਹੀ ਖੋਲ੍ਹੋ ਤਾਂ ਹੀ ਚੰਗਾ ਹੈ।
ਖਤਰੇ ਦੀ ਘੰਟੀ ਨੂੰ ਸੁਣੋ
ਹੇਠ ਲਿਖੇ ਸਵਾਲ ਇਸ ਤਰ੍ਹਾਂ ਬਣਾਏ ਗਏ ਹਨ ਕਿ ਸਮੇਂ ਸਿਰ ਤਹਾਨੂੰ ਖਤਰੇ ਵਾਲੇ ਚਿੰਨ੍ਹ ਨਜ਼ਰ ਆ ਜਾਣ।ਹੇਠ ਲਿਖੇ ਕਿਸੇ ਵੀ ਸਵਾਲ ਦਾ ਜੇ ਉੱਤਰ ਹਾਂ ਵਿੱਚ ਹੋਵੇ ਤਾਂ ਸਮਝ ਲਓ ਕਿ ਤੁਹਾਡੀ ਬੱਜਟ ਬਾਰੇ ਸਮਝ ਵਿੱਚ ਕਿਤੇ ਨਾ ਕਿਤੇ ਗਲਤੀ ਹੈ:-
· ਕੀ ਤੁਸੀਂ ਆਪਣੇ ਕਰੈਡਿਟ ਕਾਰਡ ਲਈ ਬਹੁਤ ਘੱਟ ਅਦਾਇਗੀਆਂ ਕਰਦੇ ਹੋ?
· ਕੀ ਤੁਹਾਨੂੰ ਸਮੇਂ ਸਿਰ ਬਿੱਲਾਂ ਦੀ ਅਦਾਇਗੀ ਕਰਨੀ ਮੁਸ਼ਕਿਲ ਲਗਦੀ ਹੈ?
· ਕੀ ਤੁਸੀਂ ਬਹੁਤੇ ਮਹੀਨਿਆਂ ਵਿੱਚ ਆਮਦਨ ਤੋਂ ਵੱਧ ਰਕਮ ਬੈਂਕ ਵਿੱਚੋਂ ਕਢਵਾਉਂਦੇ ਹੋ?
· ਕੀ ਤੁਸੀਂ ਇਸ ਲਈ ਉਧਾਰ ਚੁੱਕਦੇ ਹੋ ਕਿ ਤੁਹਾਡੇ ਪਾਸ ਰੋਜ਼ ਦੇ ਖਰਚੇ ਲਈ ਪੈਸੇ ਨਹੀਂ ਹਨ?
· ਕੀ ਤੁਹਾਨੂੰ ਅੰਦਾਜ਼ਾ ਨਹੀਂ ਕਿ ਤੁਹਾਡੇ ਸਿਰ ਕਿੰਨਾ ਕਰਜ਼ਾ ਹੈ?
· ਕੀ ਪੈਸੇ ਸੰਬੰਧੀ ਬਿਆਨਬਾਜ਼ੀ ਨਾਲ ਤੁਹਾਡੇ ਪਰਿਵਾਰ ਵਿੱਚ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ?
· ਕੀ ਤੁਸੀਂ ਕਰੈਡਿਟ ਕਾਰਡ ਵਿੱਚ ਪੈਸੇ ਜਮ੍ਹਾਂ ਕਰਾਉਣ ਨਾਲੋਂ ਵੱਧ ਰਕਮਾਂ ਕਢਵਾ ਲੈਂਦੇ ਹੋਂ?
· ਕੀ ਤੁਸੀਂ ਆਪਣੇ ਕਰਜ਼ੇ ਦੀ ਹੱਦ ਨਾਲੋਂ ਵੱਧ ਪੈਸੇ ਕਢਵਾ ਲੈਂਦੇ ਹੋ?
· ਕੀ ਕਰਜ਼ਾ ਵਸੂਲਣ ਵਾਲੇ ਤੁਹਾਨੂੰ ਫੋਨ ਕਰਨ ਲੱਗ ਪਏ ਹਨ?
· ਕੀ ਤੁਸੀਂ ਆਪਣੇ ਕਰਜ਼ਿਆਂ ਨੂੰ ਨਜਿੱਠਣ ਬਾਰੇ ਸੋਚ ਰਹੇ ਹੋ?
ਜੇ ਤੁਸੀਂ ਉੱਪਰ ਲਿਖੇ ਸਵਾਲਾਂ ਵਿੱਚੋਂ ਕਿਸੇ ਇੱਕ ਦਾ ਜਵਾਬ ਹਾਂ ਵਿੱਚ ਦਿੰਦੇ ਹੋ ਤਾਂ ਤੁਸੀਂ ਗੰਭੀਰ ਕਰਜ਼ਾ ਸੰਕਟ ਦੇ ਰਾਹ ਪੈ ਗਏ ਹੋ। ਇਨ੍ਹਾਂ ਹਾਲਾਤ ਉੱਤੇ ਕਾਬੂ ਪਾਉਣ ਬਾਰੇ ਇਰਾਦਾ ਕਰੋ। ਆਪਣੇ ਬਜਟ ਬਾਰੇ ਸਲਾਹ ਮਸ਼ਵਰੇ ਵਾਲਿਆਂ ਨੁਕਤਿਆਂ ਉੱਤੇ ਵਿਚਾਰ ਕਰੋ। ਜੇ ਲੋੜ ਪਵੇ ਤਾ ਦੀਵਾਲੀਆਪਨ ਬਾਰੇ ਸਲਾਹ ਦੇਣ ਵਾਲੇ ਕਿਸੇ ਮਾਹਰ ਨਾਲ ਸੰਪਰਕ ਕਰੋ।
ਯਾਦ ਰੱਖੋ:- ਕਰੈਡਿਟ ਕਾਰਡ ਵਰਤਣ ਦੀ ਥਾਂ ਵਧੇਰੇ ਨਕਦੀ ਦੀ ਵਰਤੋਂ ਕਰੋ।