11.8 C
Vancouver
Friday, October 4, 2024

ਆਈ ਬੀ ਸੀ ਦੇ ਕਾਰਗੋ ਕ੍ਰਾਈਮ ਪ੍ਰੀਵੈਂਸ਼ਨ ਪ੍ਰੋਗਰਾਮ ਦੀ ਕਨੇਡੀਅਨ ਟਰੱਕਾਂ ਵਾਲਿਆਂ ਵੱਲੋਂ ਹਮਾਇਤ

ਸੀ ਟੀ ਏ- ਆਈ ਬੀ ਸੀ ਦੇ ਰਿਪੋਰਟਿੰਗ ਫਾਰਮ ‘ਚ ਵਾਧਾ ਕਰਨ ਦੀ ਤਜ਼ਵੀਜ਼ ਦਾ ਕਨੇਡੀਅਨ ਟਰੱਕਿੰਗ ਅਲਾਇੰਸ ਅਤੇ ਇੰਸ਼ੂਰੈਂਸ ਬਿਉਰੋ ਆਫ ਕਨੇਡਾ ਦੋਵਾਂ ਨੇ ਹੀ ਸਵਾਗਤ ਕੀਤਾ ਹੈ।ਇਸ ਤੋਂ ਇੱਕ ਕਦਮ ਅੱਗੇ ਜਾਂਦੇ ਹੋਏ ਆਈ ਬੀ ਸੀ ਨੇ ਕਿਹਾ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਲੈ ਕੇ ਜਾਣਗੇ।
ਪਹਿਲਾਂ ਪਹਿਲਾਂ ਰਿਪੋਰਟ ਕਰਨ ਵਾਲ਼ਾ ਫਾਰਮ ਸੀ ਟੀ ਏ ਅਤੇ ਆਈ ਬੀ ਸੀ ਵੱਲੋਂ ਰਲ਼ ਕੇ 2011 ‘ਚ ਤਿਆਰ ਕੀਤਾ ਸੀ, ਜੋ ਕਿ ਸੀ ਟੀ ਏ ਦੀ 2009-2010 ਦੀ ਕਾਰਗੋ ਕ੍ਰਾਈਮ ਇਨ ਕੈਨੇਡਾ ਦੀ ਰਿਪੋਰਟ ‘ਤੇ ਅਧਾਰਤ ਸੀ।ਇਹ ਫਾਰਮ ਇੱਕ ਤਰ੍ਹਾਂ ਦਾ ਸਾਧਨ ਹੈ ਜਿਸ ਨਾਲ਼ ਕਾਰਗੋ ਦੇ ਕ੍ਰਾਈਮ ਸਬੰਧੀ ਰਿਪੋਰਟ ਸੀ ਟੀ ਏ ਅਤੇ ਆਈ ਬੀ ਸੀ ਨੂੰ ਕੀਤੀ ਜਾ ਸਕਦੀ ਹੈ। ਉੱਥੋਂ ਇਹ ਰਿਪੋਰਟ ਜਲਦੀ ਹੀ ਕਨੇਡਾ ਭਰ ਦੀਆਂ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭੇਜ ਦਿੱਤੀ ਜਾਂਦੀ ਹੈ ਜਿਹੜੀਆਂ ਕਿ ਲੋੜੀਂਦੀ ਜਾਣਕਾਰੀ ਲੈਣ ਦੀਆਂ ਅਧਿਕਾਰਤ ਹੁੰਦੀਆਂ ਹਨ। ਇਹ ਗੱਲ ਵੇਖਣ ‘ਚ ਆਈ ਹੈ ਕਿ ਕੈਰੀਅਰਾਂ ਵੱਲੋਂ ਕਾਰਗੋ ਦੀ ਚੋਰੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਤੋਂ ਕੰਨੀ ਕਤਰਾਈ ਜਾਂਦੀ ਹੈ ਕਿਉਂ ਕਿ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਇਸ ਨਾਲ਼ ਕਾਰਪੋਰੇਟ ਦੇ ਅਕਸ ਨੂੰ ਧੱਬਾ ਲੱਗ ਸਕਦਾ ਹੈ, ਸਰਕਾਰੀ ਪੁੱਛ ਗਿੱਛ ਹੋ ਸਕਦੀ ਹੈ ਅਤੇ ਇੰਸ਼ੂਰੈਂਸ ਦੇ ਪ੍ਰੀਮੀਅਮ ‘ਚ ਵਾਧਾ ਹੋ ਸਕਦਾ ਹੈ।ਪਰ ਇਸ ਨਵੇਂ ਢੰਗ ਨਾਲ਼ ਆਪਣਾ ਨਾਂਅ ਗੁਪਤ ਰੱਖ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਸ਼ੁਰੂ ਸ਼ੁਰੂ ‘ਚ ਇਹ ਫਾਰਮ ਪੀ ਡੀ ਐਫ ‘ਚ ਮਿਲਦਾ ਸੀ ਅਤੇ ਇਸ ਨੂੰ ਭਰ ਕੇ ਸੀ ਟੀ ਏ ਅਤੇ ਆਈ ਬੀ ਸੀ ਨੂੰ ਫੈਕਸ ਜਾਂ ਈ ਮੇਲ ਕੀਤਾ ਜਾ ਸਕਦਾ ਸੀ।ਪਰ ਹੁਣ ਦੇ ਨਵੇਂ ਫੈਸਲੇ ਨਾਲ਼ ਇਸ ‘ਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਇਹ ਫਾਰਮ ਇੰਸ਼ੂਰੈਂਸ ਅਤੇ ਕੈਰੀਅਰਾਂ ਨੂੰ ਆਨਲਾਇਨ ‘ਤੇ ਵੀ ਮਿਲਦਾ ਹੈ। ਇਸ ਤੋਂ ਅੱਗੇ ਇਹ ਗੱਲ ਵੀ ਹੈ ਕਿ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲ਼ੀਆਂ ਦੇਸ਼ ਭਰ ਦੀਆਂ ਏਜੰਸੀਆਂ ਆਈ ਬੀ ਸੀ ਵੱਲੋਂ ਇਕੱਠੇ ਕੀਤੇ ਗਏ ਡੇਟਾ ਸਬੰਧੀ ਪੁੱਛ ਗਿੱਛ ਕਰ ਸਕਣਗੀਆਂ ਅਤੇ ਇਸ ਤਰ੍ਹਾਂ ਚੋਰੀ ਕੀਤੇ ਹੋਏ ਸਮਾਨ ਨੂੰ ਬਰਾਮਦ ਕਰ ਸਕਦੀਆਂ ਹਨ ਅਤੇ ਸੰਭਾਵੀ ਚੋਰਾਂ ਤੋਂ ਸਮਾਨ ਦਾ ਬਚਾਅ ਕਰ ਸਕਣਗੀਆਂ।ਕੌਮੀ ਪੱਧਰ ‘ਤੇ ਇਕੱਠੀ ਕੀਤੀ ਹੋਈ ਜਾਣਕਾਰੀ ਨੂੰ ਹੋਰਾਂ ਨਾਲ਼ ਸਾਂਝਾ ਕਰਕੇ ਇਸ ਦਾ ਵਿਸ਼ਲੇਸ਼ਣ ਵੀ ਕੀਤਾ ਜਾ ਸਕੇਗਾ।
ਸੀ ਟੀ ਏ ਦੇ ਮੁਖੀ ਅਤੇ ਮੁੱਖ ਪ੍ਰਬੰਧਕ ਡੇਵਿਡ ਬ੍ਰੈਡਲੀ ਅਨੁਸਾਰ ਕਾਰਗੋ ਅਪਰਾਧ ਕਾਰਨ ਸਾਲ 2009 ‘ਚ ਤਕਰੀਬਨ 5 ਬਿਲੀਅਨ ਹਰ ਸਾਲ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਗਿਆ ਸੀ।ਉਨ੍ਹਾਂ ਅਨੁਸਾਰ ਕਨੇਡੀਅਨ ਲੋਕਾਂ ਅਤੇ ਅਰਥਚਾਰੇ ਦੇ ਨੁਕਸਾਨ ਲਈ ਇਹ ਬਹੁਤ ਵੱਡੀ ਰਕਮ ਹੈ।
ਬਰੈਡਲੀ ਅਨੁਸਾਰ ਆਈ ਬੀ ਸੀ ਦੀ ਇਸ ਸਬੰਧੀ ਜਾਣਕਾਰੀ ਨੂੰ  ਦੇਸ਼ ਭਰ ‘ਚ ਫੈਲਾਉਣ ਦਾ ਇਹ ਫਾਇਦਾ ਹੋਵੇਗਾ ਕਿ ਚੋਰੀ ਕੀਤੇ ਮਾਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਅਪਰਾਧੀਆਂ ਨੂੰ ਫੜਿਆ ਜਾ ਸਕਦਾ ਹੈ ਅਤੇ ਨੁਕਸਾਨ ਹੋਣ ਤੋਂ ਰੋਕਣ ਲਈ ਢੁੱਕਵੇਂ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ ਅਤੇ ਸਮੱਸਿਆਂਵਾਂ ਦਾ ਟਾਕਰਾ ਕਰਨ ਲਈ ਯਤਨ ਕੀਤੇ ਜਾ ਸਕਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ  ਆਈ ਬੀ ਸੀ ਅਤੇ ਪੁਲਿਸ ਨਾਲ਼ ਰਲ਼ ਕੰਮ ਕਰਨ ਦੀ ਬਹੁਤ ਖੁਸ਼ੀ ਹੋਈ ਹੈ ਕਿਉਂ ਕਿ ਅਸੀਂ ਇਸ ਸਮੱਸਿਆ ਦਾ ਚੰਗੀ ਤਰ੍ਹਾਂ ਟਾਕਰਾ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਮੈਂਬਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਇਸ ਨਵੇਂ ਅਤੇ ਵਧੀਆ ਯੰਤਰ ਦੀ ਵਰਤੋਂ ਕਰਨ।
ਇਸ ਤਰ੍ਹਾਂ ਦੀਆ ਘਟਨਾਵਾਂ ਰੋਕਣ ਅਤੇ ਕਾਰਗੋ ਕ੍ਰਾਈਮ ਨੂੰ ਰੋਕਣ ਲਈ ਸੀ ਟੀ ਏ ਵੱਲੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਬੀਮਾ ਕਰਨ ਵਾਲ਼ੇ, ਕਸਟਮਰਾਂ ਅਤੇ ਕੈਰੀਅਰਾਂ ਨਾਲ਼ ਵਧੀਆ ਸਬੰਧ ਬਣਾਉਣ ਦੇ ਅਤੇ ਠੀਕ ਯੋਜਨਾਵਾਂ ਬਣਾਉਣ ਦੇ ਯਤਨ ਨਿਰੰਤਰ ਜਾਰੀ ਹਨ।